ਸਵਰਾਜ-ਮਹਿੰਦਰਾ ਦੇ ਮਜ਼ਦੂਰਾਂ ਦੇ ਜਾਇਜ਼ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰੋ!



ਪੀ.ਡੀ.ਐਫ  ਡਾਊਨਲੋਡ ਕਰੋ

ਲੋਕ ਏਕਤਾ ਜ਼ਿੰਦਾਬਾਦ!               ਹੱਕ, ਸੱਚ,ਇਨਸਾਫ਼ ਲਈ ਇੱਕਮੁੱਠ ਸੰਘਰਸ਼ ਜ਼ਿੰਦਾਬਾਦ!  



ਪਿਆਰੇ ਲੋਕੋ, ਅਸੀਂ ਸਵਰਾਜ-ਮਹਿੰਦਰਾ ਦੇ ਮੋਹਾਲੀ ਸਥਿਤ ਤਿੰਨ ਕਾਰਖਾਨਿਆਂ ਦੇ ਲਗਭਗ 1200 ਡਿਪਲੋਮਾ ਹੋਲਡਰ ਇੰਜੀਨੀਅਰ ਕਾਮੇ ਕੰਮ ਅਤੇ ਹੁਨਰ ਮੁਤਾਬਕ ਜਾਇਜ਼ ਤਨਖਾਹ ਹਾਸਲ ਕਰਨ, ਨਜ਼ਾਇਜ਼ ਤਬਾਦਲੇ ਰੱਦ ਕਰਨ, ਕਾਰਖਾਨੇ ਅੰਦਰ ਯੂਨੀਅਨ ਬਣਾਉਣ ਦਾ ਹੱਕ ਲਾਗੂ ਕਰਵਾਉਣ, ਜ਼ਬਰੀ ਛਾਂਟੀ ਰੁਕਵਾਉਣ ਅਤੇ ਹੋਰਨਾਂ ਪੂਰੀ ਤਰ੍ਹਾਂ ਜਾਇਜ਼ ਮੰਗਾਂ ਹੇਠ 22 ਅਪਰੈਲ ਤੋਂ ਹੜ੍ਹਤਾਲ 'ਤੇ ਹਾਂ। ਅਜੇ ਤੱਕ ਪ੍ਰਸ਼ਾਸਨ ਅਤੇ ਫੈਕਟਰੀ ਮੈਨੇਜ਼ਮੈਂਟ ਨੇ ਸਾਡੀਆਂ ਮੰਗਾਂ ਮੰਨਣੀਆਂ ਤਾਂ ਦੂਰ, ਇਹਨਾਂ ਬਾਰੇ ਕੋਈ ਗੱਲ ਤੱਕ ਨਹੀਂ ਕੀਤੀ। ਫੈਕਟਰੀ ਮੈਨੇਜਮੇਂਟ ਅਤੇ ਪ੍ਰਸ਼ਾਸਨ ਦੀ ਇਸ ਬੇਰੁਖੀ ਅਤੇ ਅੜੀਅਲ ਰਵੱਈਏ ਕਰਕੇ ਹੀ ਸਾਨੂੰ ਹੜ੍ਹਤਾਲ ਕਰਨ ਅਤੇ ਸੜਕਾਂ ਉੱਪਰ ਆ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਅਨਿਆਂ ਖਿਲਾਫ਼ ਸੰਘਰਸ਼ ਕਰਨ ਲਈ ਸਾਨੂੰ ਆਮ ਜਨਤਾ ਦੇ ਡਟਵੇਂ ਸਾਥ ਦੀ ਸਖ਼ਤ ਜ਼ਰੂਰਤ ਹੈ। ਅਸੀਂ ਸਭ ਇਨਸਾਫ਼ਪਸੰਦ ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਡਾ ਸਾਥ ਦੇਣ ਦੀ ਜ਼ੋਰਦਾਰ ਅਪੀਲ ਕਰਦੇ ਹਾਂ। |ਸਾਡੀਆਂ ਮੁੱਖ ਸਮੱਸਿਆਵਾਂ ਅਤੇ ਮੰਗਾਂ ਇਹ ਹਨ -



(1)  ਝੂਠੇ ਦੋਸ਼ ਲਾ ਕੇ ਕੱਢੇ ਗਏ ਅਤੇ ਨਾਜ਼ਾਇਜ ਤਬਾਦਲੇ ਦਾ ਸ਼ਿਕਾਰ ਤਕਰੀਬਨ 50 ਮਜਦੂਰਾਂ ਨੂੰ ਬਹਾਲ ਕੀਤਾ ਜਾਏ।

(2) ਟ੍ਰੇਨਿੰਗ ਦਾ ਸਮਾਂ ਢਾਈ ਸਾਲ ਤੋਂ ਘਟਾ ਕੇ 1 ਸਾਲ (240 ਦਿਨ) ਕੀਤਾ ਜਾਵੇ। ਸਾਰੇ ਕਾਮਿਆਂ ਨੂੰ ਉਹਨਾਂ ਦੀ ਯੋਗਤਾ ਮੁਤਾਬਕ ਤਨਖਾਹ ਦਿੱਤੀ ਜਾਵੇ। ਫੈਕਟਰੀ ਅੰਦਰ ਟ੍ਰੇਨੀ ਕਾਮਿਆਂ ਤੋਂ ਵੀ ਕਾਰੀਗਰ ਕਾਮਿਆਂ ਜਿੰਨਾਂ ਹੀ ਕੰਮ ਲਿਆ ਜਾਂਦਾ ਹੈ।|ਟ੍ਰੇਨੀ ਵੀ ਦੂਸਰੇ ਮਜ਼ਦੂਰਾਂ ਜਿੰਨੀ ਹੀ ਪੈਦਾਵਾਰ ਕਰਦੇ ਹਨ। ਪਰ ਉਹਨਾਂ ਨੂੰ ਬੇਸਿਕ ਤਨਖਾਹ ਸਿਰਫ਼ 2100 ਰੁਪਏ ਹੀ ਦਿੱਤੀ ਜਾਂਦੀ ਹੈ। ਘੱਟ ਬੇਸਿਕ ਕਰਕੇ ਭੱਤੇ ਵੀ ਬਹੁਤ ਘੱਟ ਮਿਲਦੇ। 2010 ਤੋਂ ਬਾਅਦ ਮਹਿੰਗਾਈ ਤਾਂ ਬਹੁਤ ਵਧ ਗਈ ਹੈ ਪਰ ਉਸ ਮੁਤਾਬਿਕ ਤਨਖਾਹਾਂ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ। ਨਤੀਜੇ ਵਜੋਂ, ਸਾਨੂੰ ਘਰ ਤੋਂ ਪੈਸਾ ਮੰਗਵਾ ਕੇ ਜਾਂ ਕਰਜਾ ਲੈ ਕੇ ਜਿਵੇਂ-ਤਿਵੇਂ ਗੁਜ਼ਾਰਾ ਕਰਨਾ ਪੈਂਦਾ ਹੈ।|

(3) ਕੰਪਨੀ ਦੇ ਤਿੰਨੋਂ ਕਾਰਖਾਨਿਆਂ ਵਿੱਚ ਯੂਨੀਅਨ ( “ਸਵਰਾਜ-ਮਹਿੰਦਰਾ ਕਰਮਚਾਰੀ ਯੂਨੀਅਨ'' ) ਬਣਾਉਣ ਦਾ ਅਧਿਕਾਰ ਲਾਗੂ ਹੋਵੇ। ਫੈਕਟਰੀ ਵਿੱਚ ਜੋ ਪਹਿਲਾਂ ਤੋਂ ਹੀ ਯੂਨੀਅਨ ਮੌਜੂਦ ਹੈ ਉਹ ਕੰਪਨੀ ਦੀਆਂ ਸ਼ਰਤਾਂ ਕਰਕੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਉੱਪਰ ਸੰਘਰਸ਼ ਨਹੀਂ ਕਰ ਪਾ ਰਹੀ। 

ਇਹ ਕੰਪਨੀ “ਪੰਜਾਬ ਟਰੈਕਟਰ ਲਿਮਿਟਡ'' ਦੇ ਨਾਂ ਨਾਲ਼ ਜਾਣੀ ਜਾਂਦੀ ਸੀ। “ਪੀ.ਟੀ.ਐੱਲ'' ਪੰਜਾਬ ਦੀ ਪ੍ਰਸਿੱਧ ਸਰਕਾਰੀ ਕੰਪਨੀ ਸੀ ਜਿਸਨੂੰ 2007 ਵਿੱਚ “ਮਹਿੰਦਰਾ'' ਨੂੰ ਵੇਚ ਦਿੱਤਾ ਗਿਆ ਸੀ। ਇਸਤੋਂ ਬਾਅਦ ਇਥੋਂ ਦੇ ਮਜ਼ਦੂਰਾਂ ਦੀ ਮਿਹਨਤ ਦੀ ਲੁੱਟ ਲਗਾਤਾਰ ਵਧਦੀ ਗਈ ਅਤੇ ਹੁਣ ਤਾਂ ਕੰਪਨੀ ਆਈ.ਟੀ.ਆਈ ਡਿਪਲੋਮਾ ਹੋਲਡਰਾਂ ਨੂੰ ਵੀ ਠੇਕੇ ਉੱਤੇ ਭਰਤੀ ਕਰ ਰਹੀ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਦਾ ਇਹ ਕਾਰਖਾਨਾ ਜੋ ਲੋਕਾਂ ਦੀ ਲਹੂ-ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਪਬਲਿਕ ਸੈਕਟਰ ਦਾ ਹਿੱਸਾ ਸੀ, ਉਹ ਹੁਣ ਸਰਮਾਏਦਾਰਾਂ ਨੂੰ ਬੇਹਿਸਾਬ ਮੁਨਾਫ਼ੇ ਕਮਾਉਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। |

ਇਸ ਦੇਸ਼ ਦੇ ਸਾਰੇ ਨੌਜਵਾਨਾਂ ਦਾ ਇਹ ਹੱਕ ਹੈ ਕਿ ਸਰਕਾਰ ਉਹਨਾਂ ਲਈ ਸੁਰੱਖਿਅਤ ਅਤੇ ਗੁਜ਼ਾਰਾ ਕਰਨ ਯੋਗ ਰੁਜ਼ਗਾਰ ਦੀ ਗਰੰਟੀ ਕਰੇ। ਪਰ ਹੋ ਇਸ ਤੋਂ ਉਲਟ ਰਿਹਾ ਹੈ। ਸ਼ਹਿਰ ਦਾ ਡਿਪਟੀ ਕਮਿਸ਼ਨਰ ਕਹਿੰਦਾ ਹੈ, “ਅਸੀਂ ਕੰਪਨੀ ਬਚਾਉਣੀ ਹੈ''। ਪਰ ਕਿਸਦੀ ਕੀਮਤ 'ਤੇ? ਮਜ਼ਦੂਰਾਂ ਨੂੰ ਭੁੱਖਾ ਮਾਰ ਕੇ!? ਸਾਡੇ ਸਰਕਾਰੀ ਅਧਿਕਾਰੀਆਂ ਦੇ ਕਹਿਣ ਦਾ ਇਹੀ ਮਤਲਬ ਹੈ। ਅਸੀਂ ਆਪਣਾ ਮੰਗ-ਪੱਤਰ ਕਿਰਤ ਵਿਭਾਗ ਨੂੰ ਦਸੰਬਰ 2013 ਵਿੱਚ ਹੀ ਦੇ ਦਿੱਤਾ ਸੀ। ਪਰ ਅਜੇ ਤੱਕ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਉਲਟਾ, ਕੰਪਨੀ ਨੇ ਸਾਡੇ ਸੰਘਰਸ਼ ਨੂੰ ਕੁਚਲਣ ਦੀ ਠਾਣ ਲਈ। ਸਾਡੇ ਸੰਘਰਸ਼ ਨੂੰ ਬਿਖਰਾਉਣ ਲਈ ਮੈਨੇਜ਼ਮੈਂਟ ਨੇ ਸਾਡੇ ਸਾਥੀਆਂ ਨੂੰ ਕੰਪਨੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ। ਲਗਭਗ 50 ਮਜ਼ਦੂਰਾਂ ਦੀ ਛਾਂਟੀ ਅਤੇ ਤਬਾਦਲੇ ਤੋਂ ਬਾਅਦ ਅਸੀਂ ਕੰਪਨੀ ਦੀ ਬੇਇਨਸਾਫ਼ੀ ਹੁਣ ਹੋਰ ਨਹੀਂ ਸਹਿ ਸਕਦੇ ਸੀ। ਨਤੀਜਤਨ, 22 ਅਪ੍ਰੈਲ ਤੋਂ ਹੜਤਾਲ ਕਰਕੇ ਕੰਪਨੀ ਗੈਟ 'ਤੇ ਧਰਨਾ ਲਾ ਕੇ ਬੈਠਣ ਲਈ ਸਾਨੂੰ ਮਜ਼ਬੂਰ ਹੋਣਾ ਪਿਆ।

1 ਮਈ ਨੂੰ ਸ਼ਹਿਰ ਦੇ ਰਿਹਾਇਸ਼ੀ ਅਤੇ ਸਨਅਤੀ ਇਲਾਕੇ ਵਿੱਚ ਕੱਢੀ ਗਈ ਵੱਡੀ ਰੈਲੀ ਤੋਂ ਬਾਅਦ ਸ਼ਹਿਰ ਦੇ ਪੁਲਿਸ ਮੁਖੀ ਨੇ ਸਾਨੂੰ ਫੋਨ 'ਤੇ ਭਰੋਸਾ ਦਿੱਤਾ ਕਿ ਉਹ 2 ਮਈ ਨੂੰ ਆ ਕੇ ਕੰਪਨੀ ਮੈਨੇਜ਼ਮੈਂਟ ਨਾਲ਼ ਸਾਡੀ ਗੱਲ ਕਰਾਉਣਗੇ। ਪਰ ਇਹ ਇੱਕ ਝੂਠਾ ਭਰੋਸਾ ਹੀ ਨਿਕਲਿਆ। ਉਲਟਾ, ਹੁਣ ਪੁਲਿਸ ਕਹਿ ਰਹੀ ਹੈ ਕਿ ਅਸੀਂ ਕਾਰਖਾਨੇ ਦੇ ਗੇਟ ਤੋਂ ਧਰਨਾ ਹਟਾ ਲਈਏ। ਕੰਪਨੀ ਕਿਰਤ ਕਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੀ ਆ ਰਹੀ ਹੈ। ਪ੍ਰਸ਼ਾਸਨ ਇਹ ਸਭ ਜਾਣਦਾ ਹੈ ਪਰ ਅਸੀਂ ਵੀ ਦਸੰਬਰ 2013 ਵਿੱਚ ਕਿਰਤ ਵਿਭਾਗ ਨੂੰ ਇਸ ਬਾਰੇ ਲਿਖਤੀ ਰੂਪ 'ਚ ਸੂਚਿਤ ਕੀਤਾ ਸੀ। ਪਰ ਇਸ 'ਤੇ ਤਾਂ ਪੁਲਿਸ-ਪ੍ਰਸ਼ਾਸਨ ਨੇ ਅੱਖਾਂ ਬੰਦ ਰੱਖੀਆਂ। ਸਾਡੇ ਲੁੱਟੇ ਜਾ ਰਹੇ ਹੱਕਾਂ 'ਤੇ ਤਾਂ ਪ੍ਰਸ਼ਾਸਨ ਨੂੰ ਕਨੂੰਨਾਂ ਦੀ ਯਾਦ ਨਹੀਂ ਆਈ। ਹੁਣ ਜਦ ਅਸੀਂ ਹੱਕ ਲੈਣ ਲਈ ਹੜਤਾਲ ਕਰਕੇ ਬੈਠੇ ਹਾਂ ਤਾਂ ਝੂਠੇ ਬਹਾਨੇ ਬਣਾ ਕੇ ਕਨੂੰਨ ਦਾ ਰੋਣਾ ਰੋਇਆ ਜਾ ਰਿਹਾ ਹੈ। ਸਾਡਾ ਘੋਲ ਪੂਰੀ ਤਰ੍ਹਾਂ ਸ਼ਾਂਤੀ ਪੂਰਣ ਹੈ। ਹੜਤਾਲ ਅਤੇ ਧਰਨਾ-ਮੂਜ਼ਾਹਰਾ ਕਰਨਾ ਸਾਡੀ ਸੰਵਿਧਾਨਿਕ ਅਜ਼ਾਦੀ ਹੈ। ਅਸੀਂ ਕੰਪਨੀ ਦੇ ਚੱਲ ਰਹੇ ਕੰਨ ਵਿੱਚ ਵੀ ਰੁਕਾਵਟ ਨਹੀਂ ਪਾ ਰਹੇ। ਇਸ ਲਈ ਪ੍ਰਸ਼ਾਸਨ ਨੂੰ ਸਾਡੇ ਉਤੇ ਦਬਾਅ ਪਾਉਣ ਦੀ ਥਾਂ ਕੰਪਨੀ ਨੂੰ ਕਿਰਤ ਕਨੂੰਨ ਲਾਗੂ ਕਰਨ ਲਈ ਕਹਿਣਾ ਚਾਹੀਦਾ ਹੈ। ਸਾਡੀ ਮੰਗ ਕਿਰਤ ਕਾਨੂੰਨ ਲਾਗੂ ਕਰਵਾਉਣ ਦੀ ਹੈ।|ਕਾਨੂੰਨ ਲਾਗੂ ਕਰਵਾਉਣਾ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ। ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਹੀ ਹੋਵੇਗੀ।|ਅਸੀਂ ਆਪਣੇ ਇਕਮੁੱਠ ਸੰਘਰਸ਼ ਰਾਹੀਂ ਕੰਪਨੀ ਅਤੇ ਪ੍ਰਸ਼ਾਸਨ ਤੋਂ ਆਪਣੇ ਕਾਨੂੰਨੀ ਹੱਕ ਲਾਗੂ ਕਰਵਾਕੇ ਹੀ ਦਮ ਲਵਾਂਗੇ। ਅਸੀਂ 6 ਮਈ ਨੂੰ ਵੱਡੀ ਸੰਖਿਆਂ ਵਿੱਚ ਸ਼ਹਿਰ ਦੀਆਂ ਸੜ੍ਹਕਾਂ 'ਤੇ ਆ ਕੇ ਸ਼ਹਿਰ ਦੇ ਮੁਖੀ ਡੀ.ਸੀ ਨੂੰ ਉਸਦਾ ਫਰਜ਼ ਯਾਦ ਕਰਾਵਾਂਗੇ।

ਪਿਛਲੇ ਦਿਨੀਂ ਅਸੀਂ ਸਭਨਾਂ ਸਿਆਸੀ ਪਾਰਟੀਆਂ ਦੇ ਸਥਾਨਕ ਨੁਮਾਇੰਦਿਆਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਜਾਣੂ ਕਰਵਾਇਆ ਸੀ ਅਤੇ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਸੀ। ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਹੀ ਕਿਹਾ ਸੀ ਕਿ ਉਹ ਚੋਣਾਂ ਤੋਂ ਬਾਅਦ ਸਾਡਾ ਮਸਲਾ ਹੱਲ ਕਰਵਾਉਣਗੇ। ਪਰ ਅਜੇ ਤੱਕ ਕਿਸੇ ਵੀ ਪਾਰਟੀ ਨੇ ਸਾਡਾ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਦੁਬਾਰਾ ਮਿਲਣ ਉੱਤੇ ਸਿਰਫ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਉਹ ਕੁੱਝ ਨਾ ਕੁੱਝ ਕਰਨਗੇ। |

ਕੰਪਨੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਦੇ ਬੋਲ਼ੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਸਾਨੂੰ ਆਮ ਲੋਕਾਂ ਦੇ ਸਮਰਥਨ ਦੀ ਜ਼ੋਰਦਾਰ ਅਵਾਜ਼ ਦੀ ਲੋੜ ਹੈ। ਅਸੀਂ ਸਭ ਇਨਸਾਫ਼ਪਸੰਦ ਨਾਗਰਿਕਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਹੱਕ, ਸੱਚ, ਇਨਸਾਫ਼ ਦੇ ਸਾਡੇ ਇਸ ਸੰਘਰਸ਼ ਦਾ ਅੱਗੇ ਹੋ ਕੇ ਪੁਰਜ਼ੋਰ ਸਮਰਥਨ ਕਰਨ, ਸਾਡਾ ਸਾਥ ਦੇਣ। 



ਅਪੀਲਕਰਤਾ           -     ਸਵਰਾਜ-ਮਹਿੰਦਰਾ ਕਰਮਚਾਰੀ ਯੂਨੀਅਨ



ਸੰਪਰਕ                  -   7355534259, 8968389583, 9023469960, 9041102413, 8699716226


ਸਹਿਯੋਗੀ ਜੱਥੇਬੰਦੀ   -                      ਨੌਜਵਾਨ ਭਾਰਤ ਸਭਾ



ਸੰਪਰਕ                  -                        9888808188

ਪ੍ਰਕਾਸ਼ਨ ਮਿਤੀ - 3 ਮਈ 2014

No comments:

Post a Comment