'ਪੰਜਾਬੀ ਟ੍ਰਿਬਿਊਨ' ਦੇ ਪੱਤਰਕਾਰ ਦੀ ਰਿਹਾਇਸ਼ 'ਤੇ ਹਮਲਾ ,

ਬਾਦਲਕਿਆਂ ਦੀ ਨੰਗੀ ਚਿੱਟੀ ਗੁੰਡਾਗਰਦੀ ਦੀ ਇੱਕ ਝਲਕ


'ਪੰਜਾਬੀ ਟ੍ਰਿਬਿਊਨ' ਦੇ ਪੱਤਰਕਾਰ ਦਵਿੰਦਰਪਾਲ ਦੀ ਰਿਹਾਇਸ਼ 'ਤੇ ਬੀਤੀ ਰਾਤ ਪੈਟਰੋਲ ਬੰਬ ਨਾਲ਼ ਹੋਏ ਹਮਲੇ ਦੀ ਨੌਜਵਾਨ ਭਾਰਤ ਸਭਾ ਨੇ ਆਪਣੀ ਮਾਸਿਕ ਮੀਟਿੰਗ 'ਚ ਸਖਤ ਨਿੰਦਿਆ ਕੀਤੀ । ਮੀਟਿੰਗ 'ਚ ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਕਿਹਾ ਕਿ ਇਹ ਹਮਲਾ ਪੱਤਰਕਾਰ ਦਵਿੰਦਰਪਾਲ ਦੇ ਘਰ 'ਤੇ ਨਹੀਂ ਸਗੋਂ ਸਾਡੇ ਪ੍ਰਗਟਾਵੇ ਦੀ ਅਜ਼ਾਦੀ ਦੇ ਜਮਹੂਰੀ ਹੱਕ 'ਤੇ ਹਮਲਾ ਹੈ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਕ ਕਿਸੇ ਵੀ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੇ ਉਹਨਾਂ ਨੂੰ ਲੋਕਾਂ 'ਚ ਲਿਜਾਣ ਦਾ ਪੂਰਾ ਪੂਰਾ ਹੱਕ ਭਾਰਤ ਦਾ ਸੰਵਿਧਾਨ ਦਿੰਦਾ ਹੈ-ਪਰ ਇਹ ਘਟਨਾ ਨੇ ਅੱਜ ਦੇ ਸਮੇਂ ਘਟਦੀ ਜਾਂਦੀ ਜਮਹੂਰੀ ਸਪੇਸ ਤੇ ਲਗਾਤਾਰ ਹੁੰਦੇ ਜਮਹੂਰੀਅਤ ਦੇ ਘਾਣ ਦਾ ਇੱਕ ਹੋਰ ਨਮੂਨਾ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਦੇ ਇਸ ਸਰਮਾਏਦਾਰਾ ਢਾਂਚੇ ਅੰਦਰ ਜਮਹੂਰੀਅਤ ਇੱਕ ਭੁਲੇਖਾ ਹੀ ਹੈ-ਅਸਲ 'ਚ ਇਹ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ। ਅਵਤਾਰ ਪਾਸ਼ ਦੇ ਸ਼ਬਦਾਂ 'ਚ ਕਹੀਏ:
''ਏਥੇ ਹਰ ਥਾਂ ਇੱਕ ਬਾਡਰ ਹੈ,
ਜਿੱਥੇ ਸਾਡੇ ਹੱਕ ਖਤਮ ਹੁੰਦੇ ਹਨ,
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ,
ਤੇ ਅਸੀਂ ਅਜ਼ਾਦ ਹਾਂ ਇਸ ਪਾਰ-,
ਗਾਹਲਾਂ ਕੱਢਣ ਲਈ, ਮੁੱਕੇ ਲਹਿਰਾਉਣ ਲਈ ,
ਤੇ ਇਸ ਤੋਂ ਅੱਗੇ ਹੈ-
ਕਸਬਿਆਂ 'ਚ ਉੱਡਦੀ ਧੂੜ, ਪਲੀਆਂ ਹੋਈਆਂ ਜੂੰਆਂ ਦੇ ਵਾਂਗ,
ਰੀਂਘਦੇ ਟਰੱਕ ਬੀ.ਐਸ. ਐਫ ਦੇ । ''
ਪੱਤਰਕਾਰ ਦਵਿੰਦਰਪਾਲ ਨੇ ਪੰਜਾਬੀ ਟ੍ਰਿਬਿਊਨ 'ਚ ਲੜੀਵਾਰ ਰਿਪੋਰਟਾਂ ਰਾਹੀਂ ਪੰਜਾਬ ਸਰਕਾਰ ਦੁਆਰਾ ਮਹੱਤਵਪੂਰਨ ਅਹੁਦਿਆਂ 'ਤੇ ਕਾਬਜ ਬਾਦਲ, ਮਜੀਠੀਆ ਅਤੇ ਕੈਰੋਂ ਪਰਿਵਾਰ ਦੇ ਮੈਂਬਰਾਂ ਨੂੰ ਲਾਹਾ ਪਹੁੰਚਾਊਣ ਵਾਲੀਆਂ ਸੂਬਾਈ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਸੀ। ਉਹਨਾਂ ਦੱਸਿਆ ਕਿ ਬਾਦਲਾਂ ਦੀ ਸਰਪ੍ਰਸਤੀ ਹੇਠ ਇਹਨਾਂ ਪਰਿਵਾਰਾਂ ਦੀ ਜਾਇਦਾਦ 'ਚ ਅਥਾਹ ਵਾਧਾ ਹੋਇਆ ਹੈ। ਨੌਭਾਸ ਦੇ ਕਨਵੀਨਰ ਨੇ ਕਿਹਾ ਕਿ ਭਾਵੇਂ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਪਰ ਇਹ ਘਟਨਾ ਸਪੱਸ਼ਟ ਤੌਰ 'ਤੇ ਹੀ ਬਾਦਲਾਂ ਦੇ ਸਿਆਸੀ ਥਾਪੜੇ ਨਾਲ ਹੀ ਅੰਜਾਮ ਦਿੱਤੀ ਗਈ ਹੈ। ਨੌਜਵਾਨ ਭਾਰਤ ਸਭਾ ਨੇ ਸਾਰੀਆਂ ਜਮਹੂਰੀ-ਇਨਕਲਾਬੀ ਜਥੇਬੰਦੀਆਂ ਨੂੰ ਇਸ ਸਿਆਸੀ ਗੁੰਡਾਗਰਦੀ ਵਿਰੁੱਧ ਡਟਣ ਦੀ ਅਪੀਲ ਕੀਤੀ ਹੈ।

No comments:

Post a Comment