ਸਾਡੇ ਸਮੇਂ ਦੀਆਂ ਕੁਝ ਇਤਿਹਾਸਕ ਜਿੰਮੇਵਾਰੀਆਂ - ਇੱਕ ਨਵੀਂ ਸ਼ੁਰੂਆਤ ਲਈ ਕੁਝ ਜ਼ਰੂਰੀ ਕਾਰਜ਼

ਕਿਰਤੀ ਲੋਕਾਂ ਨਾਲ਼ ਏਕਤਾ ਬਨਾਉਣ ਲਈ ਵਿਦਿਆਰਥੀ ਨੌਜਵਾਨਾਂ ਨੂੰ ਕੁਝ ਜ਼ਰੂਰੀ ਕਦਮ ਚੁਕਣੇ ਹੀ ਹੋਣਗੇ



    ਉਂਝ ਤਾਂ ਬੌਧਿਕ ਕਿਰਤ ਅਤੇ ਸ਼ਰੀਰਕ ਕਿਰਤ ਕਰਨ ਵਾਲ਼ਿਆਂ ਵਿੱਚ ਭੇਦ (ਡਿਫ਼ਰੇਂਸ਼ਿਏਸ਼ਨ) ਅਤੇ ਵੱਖਰੇਪਨ (ਸੈਗਰੀਗੇਸ਼ਨ) ਦੀਆਂ ਕੰਧਾਂ ਸੱਭਿਅਤਾ ਦੇ ਇਤਿਹਾਸ ਦੇ ਉਸ ਸ਼ੁਰੂਆਤੀ ਯੁੱਗ ਤੋਂ ਹੀ ਖੜ੍ਹੀਆਂ ਹੋ ਗਈਆਂ ਸਨ, ਜਦੋਂ ਸਮਾਜ ਨੇ ਕਿਰਤ-ਵੰਡ ਅਤੇ ਜਮਾਤੀ ਸਘੰਰਸ਼ ਦੇ ਪੜਾਅ ਵਿੱਚ ਕਦਮ ਰੱਖਿਆ। ਪਰ ਪੂੰਜ਼ੀਵਾਦੀ ਸਮਾਜ ਦੀ ਕਿਰਤ-ਵੰਡ ਨੇ ਇਸ ਭੇਦ ਅਤੇ ਵੱਖਰੇਪਨ ਨੂੰ ਪਿਛਲੀਆਂ ਦੋ ਸਦੀਆਂ ਦੌਰਾਨ ਸਿਖਰ ਤੱਕ ਪਹੁੰਚਾ ਦਿੱਤਾ ਹੈ।

    ਪੂੰਜੀਵਾਦੀ ਕਿਰਤ-ਵੰਡ ਨੇ ਮਨੁੱਖ ਦੇ ਸਮਾਜਿਕ-ਸਮੂਹਿਕ ਵਿਅਕਤੀਤਵ ਨੂੰ ਟੁਕੜੇ ਟੁਕੜੇ ਕਰਦੇ ਹੋਏ ਉਸ ਮੁਕਾਮ ‘ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਸਮਾਜ ਦੀ ਸਾਰੀ ਭੌਤਿਕ ਸੰਪਦਾ ਉਪਜਾਉਣ ਵਾਲ਼ੇ ਸਿੱਧੇ ਉਤਪਾਦਕ ਆਪਣੀ ਉਤਪਾਤਕ ਵਸ਼ਿਸਟਤਾ ਤੋਂ ਪੂਰੀ ਤਰ੍ਹਾਂ ਅਣਜਾਣ, ਮਸ਼ੀਨ ਦਾ ਇੱਕ ਪੁਰਜ਼ਾ ਬਣ ਚੁੱਕੇ ਹਨ। ਉਹ ਸਿਰਫ਼ ਉਜ਼ਰਤੀ ਆਧੁਨਿਕ ਗੁਲ਼ਾਮ ਹਨ ਜੋ ਨਾ ਸਿਰਫ਼ ਆਪਣੇ ਉਤਪਾਦਨ ਨਾਲ਼, ਸਗੋਂ ਆਪਣੀ ਉਤਪਾਤਕ ਵਸ਼ਿਸ਼ਟਤਾ ਸਹਿਤ ਸਾਰੇ ਮਨੁੱਖੀ ਗੁਣਾਂ ਅਤੇ ਕਲਾਵਾਂ ਤੋਂ, ਆਪਣੇ ਜਿਹੇ ਹੀ ਉਤਪਾਦਕਾਂ ਤੋਂ ਅਤੇ ਪੂਰੇ ਸਮਾਜਿਕ ਅਤੇ ਕੁਦਰਤੀ ਪਿਛੋਕੜ ਤੋਂ ਅਲੱਗ ਅਤੇ ਪਰਾਇਆ ਹੋ ਕੇ ਬਸ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਆਪਣੀਆਂ ਹੱਡੀਆਂ ਗਲਾਉਂਦਾ ਰਹਿੰਦਾ ਹੈ। ਇਹ ਉਸੇ ਅਲਹਿਦਗੀ (ਏਲੀਏਸ਼ਨ) ਦੀ ਪ੍ਰਕਿਰਿਆ ਹੈ, ਜੋ ਪੂੰਜੀਵਾਦੀ ਸਮਾਜ ਦੀ ਵਿਸ਼ੇਸ਼ਤਾ ਹੈ। ਸੰਪਤੀਸ਼ਾਲੀ ਜਮਾਤ ਅਤੇ ਮਜ਼ਦੂਰ ਜਮਾਤ ਮਨੁੱਖੀ ਆਤਮ-ਵਿਮੁਖਤਾ ( ਸੇਲਫ਼-ਏਸਟ੍ਰੇਂਜਮੇਂਟ) ਦੇ ਇੱਕ ਹੀ ਵਰਤਾਰੇ ਦੇ ਦੋ ਪੱਖ ਹਨ। ਪਹਿਲਾ ਇਸ ਵਰਤਾਰੇ ਨੂੰ ਆਪਣੀ ਤਾਕਤ ਮੰਨਦਾ ਹੈ ਅਤੇ ਇਸ ਵਿੱਚ ਮਨੁੱਖੀ ਹੋਂਦ ਦੀ ਕਲਪਨਾ ਹਾਸਿਲ ਕਰਦਾ ਹੈ, ਜਦਕਿ ਦੂਸਰਾ ਇਸ ਵਿੱਚ ਆਪਣੀ ਸ਼ਕਤੀਹੀਣਤਾ ਅਤੇ ਅਣਮਨੁੱਖੀ ਹੋਂਦ ਦੀ ਸੱਚਾਈ ਦਾ ਅਨੁਭਵ ਕਰਦਾ ਹੈ। ਨਿਜੀ ਜਾਇਦਾਦ ਆਪਣੀ ਇੱਛਾ ਤੋਂ ਅਜ਼ਾਦ, ਅਚੇਤਨ, ਅੰਦਰੂਨੀ ਗਤੀ ਨਾਲ਼, ਇੱਕ ਅਜਿਹੀ ਤਾਕਤ ਦੇ ਰੂਪ ਵਿੱਚ ਮਜ਼ਦੂਰ ਜਮਾਤ ਨੂੰ ਪੈਦਾ ਕਰਦੀ ਹੈ ਜੋ ਆਪਣੇ ਸੁਭਾਅ ਤੋਂ ਹੀ ਨਿਜੀ ਜਾਇਦਾਦ ਵਿਰੋਧੀ ਹੁੰਦੀ ਹੈ, ਉਹ ਇੱਕ ਅਜਿਹੀ ਕੰਗਾਲੀ ਨੂੰ ਜਨਮ ਦਿੰਦੀ ਹੈ ਜੋ ਆਪਣੀ ਆਤਮਕ-ਭੌਤਿਕ ਕੰਗਾਲੀ ਬਾਰੇ ਚੇਤੰਨ ਹੁੰਦੀ ਹੈ, ਉਹ ਇੱਕ ਅਜਿਹੇ ਅਮਾਨਵੀਕਰਨ ਨੂੰ ਜਨਮ ਦਿੰਦੀ ਹੈ ਜਿਸਨੂੰ ਆਪਣੇ ਅਮਾਨਵੀਕਰਣ ਦਾ ਗਿਆਨ ਹੁੰਦਾ ਹੈ। ਨਿਜੀ ਜਾਇਦਾਦ ਮਜ਼ਦੂਰ ਜਮਾਤ ਨੂੰ ਜਨਮ ਦੇ ਕੇ ਆਪਣੇ ਹੀ ਵਿਰੁੱਧ ਇੱਕ ਸਜਾ ਦਾ ਐਲਾਨ ਜ਼ਾਰੀ ਕਰਦੀ ਹੈ ਅਤੇ ਇਸ ਹੁਕਮ ਨੂੰ ਮੰਨਕੇ ਆਪਣਾ ਇਤਿਹਾਸਕ ਮਿਸ਼ਨ ਪੂਰਾ ਕਰਨ ਨਾਲ਼ ਹੀ ਮਜ਼ਦੂਰ ਜਮਾਤ ਖ਼ੁਦ ਆਪਣਾ ਵੀ ਖ਼ਾਤਮਾ ਕਰ ਲਵੇਗੀ। ਭਾਵ ਆਪਣੇ ਵਿਰੋਧੀ ਪੱਖ- ਨਿਜੀ ਜਾਇਦਾਦ ਦੇ ਲੁਪਤ ਹੋ ਜਾਣ ਨਾਲ਼ ਹੀ ਮਜ਼ਦੂਰ ਜਮਾਤ ਵੀ ਲੁਪਤ ਹੋ ਜਾਵੇਗੀ ਅਤੇ ਉੱਥੋਂ ਹੀ ਮਨੁੱਖੀ ਸਭਿਅਤਾ ਦੇ ਉੱਤਰ-ਜਮਾਤੀ ਇਤਿਹਾਸ ਦੀ ਸ਼ੁਰੂਆਤ ਹੋਵੇਗੀ।


    ਪੂੰਜੀਵਾਦੀ ਸਮਾਜ ਦੀ ਜਮਾਤੀ ਬਣਤਰ ਵਿੱਚ ਮੱਧਵਰਗ ਜਾਂ ਨਿਮਨ-ਪੂੰਜੀਪਤੀ ਜਮਾਤ (ਪੈਟੀ-ਬੁਰਜ਼ੂਆ ਕਲਾਸ) ਇੱਕ ਅਜਿਹੀ ਜਮਾਤ ਹੁੰਦੀ ਹੈ ਜੋ ਬੌਧਿਕ ਕਿਰਤ ਕਰਦੀ ਹੈ ਅਤੇ ਸਿੱਧੇ ਭੌਤਿਕ ਉਤਪਾਦਨ ਵਿੱਚ ਨਹੀਂ ਲੱਗੀ ਹੁੰਦੀ। ਇਹ ਵਾਫ਼ਰ ਕਦਰ ਪੈਦਾ ਨਹੀਂ ਕਰਦੀ। ਪੂੰਜੀਵਾਦੀ ਸਮਾਜ ਦੀ ਸਰਬਵਿਆਪੀ ਬਿਮਾਰੀ- ਮਨੁੱਖੀ ਆਤਮ-ਵਿਮੁਖਤਾ ਅਤੇ ਅਲਹਿਦਗੀ ਤੋਂ ਇਹ ਅਲੱਗ-ਅਲੱਗ ਤਰ੍ਹਾਂ ਗ੍ਰਸਤ ਹੁੰਦੀ ਹੈ, ਪਰ ਬੌਧਿਕ ਕਿਰਤ ਨੂੰ ਸਰੀਰਕ ਕਿਰਤ ਤੋਂ ਉੱਚਾ ਸਮਝਣ ਕਾਰਨ, ਆਪਣੀ ਸੁਭਾਵਿਕ ਜਮਾਤੀ ਚੇਤਨਾ ਤੋਂ ਇਹ ਮਜ਼ਦੂਰ ਜਮਾਤ ਨੂੰ ਨਫ਼ਰਤ ਦੀ ਨਜ਼ਰ ਨਾਲ਼ ਦੇਖਦੀ ਹੈ। ਨਿਜੀ ਜਾਇਦਾਦ ਵਿੱਚ ਇਸਦੀ ਡੂੰਘੀ ਦਿਲਚਸਪੀ ਹੁੰਦੀ ਹੈ। ਪੂੰਜੀਵਾਦੀ ਉਤਪਾਦਨ ਅਤੇ ਵਟਾਂਦਰੇ ਦੀ ਪ੍ਰਕਿਰਿਆ ਨੂੰ ਸੰਚਾਲਿਤ ਕਰਨ ਵਿੱਚ ਇਸ ਜਮਾਤ ਦੀ ਜ਼ਰੂਰੀ-ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਮਜ਼ਦੂਰ ਜਮਾਤ ਤੋਂ ਮੁਨਾਫ਼ਾ ਨਿਚੋੜਨ ਵਿੱਚ ਇਹ ਪੂੰਜੀਪਤੀ ਜਮਾਤ ਅਧੀਨ ਸਹਿਯੋਗੀ ਦੀ ਭੂਮਿਕਾ (ਬਿਊਰੋਕ੍ਰੈਟ, ਟੈਕਨੋਕ੍ਰੈਟ ਤੋਂ ਲੈ ਕੇ ਕਲ਼ਰਕ, ਸੁਪਰਵਾਈਜ਼ਰ ਆਦਿ ਦੇ ਰੂਪ ਵਿੱਚ) ਨਿਭਾਉਂਦੀ ਹੈ ਅਤੇ ਪੂੰਜੀਵਾਦੀ ਰਾਜ ਵਿਵਸਥਾ ਅਤੇ ਸਮਾਜਿਕ-ਸਭਿਆਚਾਰਕ ਉੱਚ ਉਸਾਰ ਦੇ ਸਾਰੇ ਅੰਗਾਂ-ਉਪਅੰਗਾਂ ਦੀਆਂ ਨੀਤੀਆਂ ਤੈਅ ਕਰਨ ਦਾ ਕੰਮ ਅਤੇ ਸੰਚਾਲਨ ਵੀ (ਸਿਧਾਂਤਕਾਰ, ਵਿਚਾਰਕ, ਰਾਜਨੀਤੀਵਾਨ, ਨੌਕਰਸ਼ਾਹ, ਜੱਜ, ਫ਼ੌਜ-ਪੁਲਿਸ ਅਧਿਕਾਰੀ ਅਤੇ ਅਜ਼ਾਦ ਪੇਸ਼ੇਵਰ ਬੁੱਧੀਜੀਵੀ ਦੇ ਰੂਪ ਵਿੱਚ) ਇਹੀ ਜਮਾਤ ਕਰਦੀ ਹੈ। ਬਦਲੇ ‘ਚ ਕਿਰਤੀਆਂ ਤੋਂ ਨਿਚੋੜੇ ਗਏ ਕੁੱਲ ਮੁਨਾਫ਼ੇ ਦਾ ਇੱਕ ਹਿੱਸਾ ਇਹ ਜਮਾਤ ਤਨਖ਼ਾਹ-ਭੱਤੇ ਅਤੇ ਸੁੱਖ-ਸੁਵਿਧਾਵਾਂ ਦੇ ਰੂਪ ਵਿੱਚ ਹਾਸਿਲ ਕਰਦੀ ਹੈ। ਨਾਲ਼ ਹੀ, ਬੁੱਧੀਜੀਵੀ ਦੇ ਰੂਪ ਵਿੱਚ ਇਸਨੂੰ ਬਹੁਤ ਸਾਰੇ ਬੁਰਜੂਆ (ਪੂੰਜੀਵਾਦੀ) ਅਧਿਕਾਰ-ਵਿਸ਼ੇਸ਼ ਅਧਿਕਾਰ ਹਾਸਿਲ ਹੁੰਦੇ ਹਨ।

    ਇਸ ਮੱਧਵਰਗ ਦੀ ਲਗਾਤਾਰ ਇੱਛਾ ਅਤੇ ਕੋਸ਼ਿਸ਼ ਇਹੋ ਹੁੰਦੀ ਹੈ ਕਿ ਉਹ ਉੱਪਰ ਉੱਠ ਕੇ ਸਿੱਧਾ ਮੁਨਾਫ਼ਾ ਨਿਚੋੜਨ ਵਾਲ਼ੀ ਪੂੰਜੀਪਤੀ ਜਮਾਤ ਦੀਆਂ ਸਫਾਂ ਵਿੱਚ ਜਾ ਬੈਠੇ। ਪਰ ਪੂੰਜੀਪਤੀਆਂ ਵਿਚਕਾਰ ਤਾਂ ਪਹਿਲਾਂ ਹੀ, ਵੱਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਰਹਿੰਦੀ ਹੈ। ਅਜ਼ਾਦ ਮੁਕਾਬਲੇ ਦੇ ਦੌਰ ਵਿੱਚ ਨਵੇਂ-ਨਵੇਂ ਪੂੰਜ਼ੀਪਤੀਆਂ ਦਾ ਪੈਦਾ ਹੋਣਾ ਫੇਰ ਵੀ ਅਸਾਨ ਹੁੰਦਾ ਸੀ। ਪਰ ਇਜਾਰੇਦਾਰ ਪੂੰਜੀਵਾਦ ਦੇ ਮੌਜੂਦਾ ਦੌਰ ਵਿੱਚ ਅਜਿਹਾ ਹੋ ਸਕਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਗਈਆਂ ਹਨ। ਅਜਿਹੀ ਸਥਿਤੀ ਵਿੱਚ ਮੱਧਵਰਗ ਦਾ ਜੋ ਉੱਪਰਲਾ ਹਿੱਸਾ ਹੈ, ਉਹ ਸ਼ੇਅਰ ਖਰੀਦ ਕੇ, ਰਿਅਲ ਅਸਟੇਟ ਆਦਿ ਵਿੱਚ ਪੂੰਜੀ ਲਾ ਕੇ ਲਾਭ ਕਮਾਉਣ ਵਿੱਚ ਪੂੰਜੀਪਤੀਆਂ ਦਾ ਛੋਟਾ ਭਰਾ ਬਣ ਜਾਂਦਾ ਹੈ। ਥੱਲੇ ਦਾ ਹਿੱਸਾ ਵੀ ਬੱਚਤ ਕਰ ਕੇ ਸੰਪੱਤੀਸ਼ਾਲੀ ਬਣਨ ਦਾ ਸੁਪਨਾ ਦੇਖਦਾ ਹੈ, ਪਰ ਬੈਂਕਾਂ ਵਿੱਚ ਪੈਸਾ ਜਮ੍ਹਾ ਕਰਨ ਨਾਲ਼ ਉਹ ਜਿਆਦਾ ਤੋਂ ਜਿਆਦਾ, ਪੂੰਜੀਪਤੀਆਂ ਨੂੰ ਮੁਨਾਫ਼ਾ ਕਮਾਉਣ ਲਈ ਕਰਜ਼ੇ ਦੇ ਰੂਪ ਵਿੱਚ ਪੂੰਜ਼ੀ ਦਾ ਅੰਬਾਰ ਹੀ ਉਪਲੱਭਧ ਕਰਵਾ ਪਾਉਂਦਾ ਹੈ ਅਤੇ ਖ਼ੁਦ ਉਸਨੂੰ ਇਸ ਮੁਨਾਫ਼ੇ ਦਾ ਇੱਕ ਬਹੁਤ ਛੋਟਾ ਜਿਹਾ ਟੁਕੜਾ ਵਿਆਜ ਦੇ ਤੌਰ ‘ਤੇ ਹਾਸਿਲ ਹੋ ਪਾਉਂਦਾ ਹੈ, ਜਿਸ ਨਾਲ਼ ਉਹ ਆਪਣੀ ਸੁਰੱਖਿਆ ਅਤੇ ਸੁਵਿਧਾਵਾਂ ਜੁਟਾ ਲੈਣ ਤੋਂ ਵੱਧ ਕੁਝ ਨਹੀਂ ਕਰ ਪਾਉਂਦਾ।
   
    ਮੱਧਵਰਗ ਇੱਕ ਅਜਿਹੀ ਜਮਾਤ ਹੈ ਜਿਸਦੇ ਧਰੁਵੀਕਰਨ ਦੀ ਪ੍ਰਕਿਰਿਆ ਲਗਾਤਾਰ ਜ਼ਾਰੀ ਰਹਿੰਦੀ ਹੈ। ਉੱਚੀਆਂ ਤਨਖਾਹਾਂ ਪਾਉਣ ਵਾਲ਼ੇ ਪ੍ਰਬੰਧਕ, ਇੰਜੀਨਿਅਰ, ਪ੍ਰੋਫੈਸਰ, ਡਾਕਟਰ, ਉੱਚੇ ਮੀਡੀਆ ਕਰਮਚਾਰੀ ਆਦਿ ਅਜ਼ਾਦ ਪ੍ਰੋਫ਼ੈਸ਼ਨਲ ਨਾ ਸਿਰਫ਼ ਸੁਰੱਖਿਅਤ-ਸੁਵਿਧਾ ਸੰਪੰਨ ਅਤੇ ਐਸ਼ਪ੍ਰਸਤੀ ਦੀ ਜਿੰਦਗੀ ਜਿਉਂਦੇ ਹਨ, ਸਗੋਂ ਆਪਣੀ ਬੱਚਤ ਨਾਲ਼ ਨਿਵੇਸ਼ ਕਰਕੇ ਮੁਨਾਫ਼ਾ ਨਿਚੋੜਨ ਵਾਲ਼ਿਆ ਦੀ ਲਾਈਨ ਵਿੱਚ ਨੀਵੀਂ ਥਾਂ ‘ਤੇ ਜਾ ਬੈਠਦੇ ਹਨ ਅਤੇ ਪੂੰਜੀਵਾਦੀ ਢਾਂਚੇ ਦੇ ਇੱਕ ਮਜ਼ਬੂਤ, ਵਿਸ਼ਵਾਸ਼ਯੋਗ ਸਮਾਜਿਕ ਥੰਮ ਦੀ ਭੂਮਿਕਾ ਨਿਭਾਉਂਦੇ ਹਨ। ਇਸਨੂੰ ਉੱਚ ਮੱਧਵਰਗ ਕਿਹਾ ਜਾਂਦਾ ਹੈ। ਇਸੇ ਜਮਾਤ ਵਿਚੋਂ ਬੁੱਧੀਜੀਵੀਆਂ ਦਾ ਉਹ ਹਿੱਸਾ ਆਉਂਦਾ ਹੈ ਜੋ ਸਿਧਾਂਤਕਾਰ, ਚਿੰਤਕ, ਅਕਾਦਮੀਸ਼ਿਅਨ, ਮੀਡੀਆ ਕਰਮੀ, ਸਭਿਆਚਾਰਕ ਕਾਮੇ, ਅਤੇ ਰਾਜਨੀਤੀਵਾਨ ਦੇ ਰੂਪ ਵਿੱਚ ਪੂੰਜੀਵਾਦੀ ਢਾਂਚੇ ਦੀ ਸੇਵਾ ਕਰਦਾ ਹੈ ਅਤੇ ਉਲਟ-ਇਨਕਲਾਬੀ, ਯਥਾਸਥਿਤੀਵਾਦੀ, ਲੋਕ ਵਿਰੋਧੀ ਬੁੱਧੀਜੀਵੀ ਦੀ ਭੂਮੀਕਾ ਵੀ ਨਿਭਾਉਂਦਾ ਹੈ। ਕਲਰਕਾਂ, ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ, ਤਕਨੀਕੀ ਅਤੇ ਸੁਪਰਵਾਈਜਰੀ ਸਟਾਫ਼ ਦੇ ਲੋਕਾਂ, ਘੱਟ ਤਨਖ਼ਾਹ ਵਾਲ਼ੇ ਹੇਠਲੇ ਮੀਡੀਆ ਕਰਮੀਆਂ, ਸੇਲਜ਼ ਏਜ਼ੰਟਾਂ ਅਤੇ ਘੱਟ ਆਮਦਨ ਵਾਲ਼ੇ ਅਜ਼ਾਦ ਪ੍ਰ੍ਰੋਫ਼ੈਸ਼ਨਲਾਂ ਤੋਂ ਮੱਧਵਰਗ ਦੀਆਂ ਵਿਚਕਾਰਲੀਆਂ ਅਤੇ ਹੇਠਲੀਆਂ ਤੈਹਾਂ, ਭਾਵ ਮੱਧ-ਮੱਧਵਰਗ ਅਤੇ ਨਿਮਨ-ਮੱਧਵਰਗ ਬਣਦੇ ਹਨ। ਇਸ ਪੂਰੀ ਜਮਾਤ ਦੇ ਧਰੁਵੀਕਰਨ ਦੀ ਪ੍ਰਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ। ਉੱਚ ਮੱਧਵਰਗ ਦਾ ਇੱਕ ਹਿੱਸਾ ਉੱਪਰ ਉੱਠਦਾ ਰਹਿੰਦਾ ਹੈ ਅਤੇ ਉਸ ਵਿੱਚੋਂ ਕੁਝ ਪੂੰਜੀਪਤੀ ਘਰਾਣਿਆਂ ਦੇ ਵੱਡੇ ਸ਼ੇਅਰ ਹੋਲਡਰ, ਬਿਜ਼ਨਸਮੈਨ, ਦਲਾਲ ਜਾਂ ਕਿਸੇ ਪ੍ਰਕਾਰ ਦੇ ਵੱਡੇ ਕਾਰੋਬਾਰੀ ਬਣਦੇ ਰਹਿੰਦੇ ਹਨ। ਮੱਧ-ਮੱਧਵਰਗ ਦਾ ਇੱਕ ਹਿੱਸਾ ਉੱਪਰ ਤੋਂ ਥੱਲੇ ਵਾਲ਼ੇ ਪਾਸੇ ਨੂੰ ਗਤੀਸ਼ੀਲ ਰਹਿੰਦਾ ਹੈ। ਨਿਮਨ ਮੱਧਵਰਗ ਲਗਾਤਾਰ ਟੁੱਟੇ ਸੁਪਨਿਆਂ, ਅਧੂਰੀਆਂ ਅਕਾਂਕਸ਼ਾਵਾਂ, ਮਲਾਲ, ਅਫ਼ਸੋਸ, ਅਤੇ ਨਿਰਾਸ਼ਾ ਵਿੱਚ ਜਿਉਂਦਾ ਰਹਿੰਦਾ ਹੈ। ਉਸਦਾ ਇੱਕ ਛੋਟਾ ਜਿਹਾ ਹਿੱਸਾ ਹੀ ਸੁਰੱਖਿਅਤ ਜਿੰਦਗੀ ਹਾਸਿਲ ਕਰਕੇ ਉੱਪਰ ਉੱਠ ਪਾਉਂਦਾ ਹੈ। ਬਾਕੀ ਦਾ ਹਿੱਸਾ ਆਪਣੀ ਸਥਿਤੀ ਨੂੰ ਬਚਾਉਣ ਲਈ ਜੂਝਦਾ ਰਹਿੰਦਾ ਹੈ ਅਤੇ ਉਸਦਾ ਵੱਡਾ ਹਿੱਸਾ ਲਗਾਤਾਰ ਕੰਗਾਲ-ਬਦਹਾਲ ਹੋ ਕੇ ਮਜ਼ਦੂਰ ਜਮਾਤ ਵਿੱਚ ਸ਼ਾਮਿਲ ਹੁੰਦਾ ਰਹਿੰਦਾ ਹੈ। ਮੱਧਵਰਗ ਦੇ ਵਿਚਕਾਰਲੇ ਅਤੇ ਹੇਠਲੇ ਹਿੱਸੇ ਵਿਚਕਾਰ ਲਗਾਤਾਰ ਇਹ ਅਸ਼ੰਕਾ ਵਿਸ਼ਵਾਸ਼ ਵਿੱਚ ਬਦਲਦੀ ਰਹਿੰਦੀ ਹੈ ਕਿ ਪੂੰਜੀਵਾਦੀ ਵਿਵਸਥਾ ਵਿੱਚ ਬੇਹਤਰ ਜਿੰਦਗੀ ਦੀ ਉਹਨਾਂ ਲਈ ਕੋਈ ਗੁੰਜਾਇਸ਼ ਨਹੀਂ ਬਚੀ ਹੈ। ਇਹਨਾਂ ਵਿੱਚ ਵਿਵਸਥਾ ਤਬਦੀਲੀ ਦੇ ਭਾਂਤ-ਭਾਂਤ ਦੇ ਕਲਪਨਾਵਾਦੀ, ਸੁਧਾਰਵਾਦੀ, ਅਤੇ ਖਾੜਕੂ-ਤਬਦੀਲੀਪਸੰਦ (ਰੈਡੀਕਲ) ਵਿਚਾਰ ਅਤੇ ਪ੍ਰੋਜੈਕਟ ਪੈਦਾ ਹੁੰਦੇ ਰਹਿੰਦੇ ਹਨ। ਜੋ ਮੱਧਵਰਗੀ ਕਲਪਨਾਵਾਦੀ ਅਤੇ ਸੁਧਾਰਵਾਦੀ ਵਿਚਾਰਧਾਰਾਵਾਂ ਹੁੰਦੀਆਂ ਹਨ ਉਹ ਪੂੰਜੀਵਾਦੀ ਸਮਾਜਿਕ ਢਾਂਚੇ ਵਿੱਚ ਸੁਧਾਰ ਦੀ ਤਜ਼ਵੀਜ਼ ਪੇਸ਼ ਕਰਦੇ ਹੋਏ ਤੱਤ ਰੂਪ ਵਿੱਚ ਪੂੰਜੀਵਾਦ ਦੀ ਸੇਵਾ ਹੀ ਕਰਦੀਆਂ ਹਨ ਅਤੇ ਹਾਕਮ ਜਮਾਤ ਉਹਨਾਂ ਨੂੰ ਨਾ ਸਿਰਫ਼ ਖ਼ੁਸ਼ ਹੋ ਕੇ ਮਨਜ਼ੂਰ ਅਤੇ ਪ੍ਰੇਰਿਤ ਹੀ ਕਰਦੀ ਹੈ, ਸਗੋਂ ਕੁਝ ਸਮੇਂ ਬਾਅਦ ਇਹਨਾਂ ਵਿਚਾਰਾਂ ਨੂੰ ਪੇਸ਼ ਕਰਨ ਵਾਲ਼ੇ ਅਤੇ ਵਾਹਕ ਵੀ ਇਸ ਵਿਵਸਥਾ ਦੇ ਸੁਰੱਖਿਆ-ਕਵਚ ਦੇ ਤੌਰ ‘ਤੇ ਅਪਣਾ ਲਏ ਜਾਂਦੇ ਹਨ। ਰੈਡੀਕਲ ਵਿਚਾਰਾਂ ਵਾਲ਼ੇ ਅਤੇ ਪ੍ਰੋਜੈਕਟਾਂ ਦੀਆਂ ਵਾਹਕ ਤਾਕਤਾਂ ਸਮੇਂ-ਸਮੇਂ ਤੇ ਦਿਸ਼ਾਹੀਨ ਖਾੜਕੂ ਲਹਿਰਾਂ ਨੂੰ ਜਨਮ ਦਿੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦਾ ਅੰਜ਼ਾਮ ਨਿਰਾਸ਼ਾ ਅਤੇ ਅਸਫ਼ਲਤਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਕੁਝ ਅਜਿਹੇ ਰੈਡੀਕਲ ਮੱਧਵਰਗੀ ਤੱਤ ਹੁੰਦੇ ਹਨ ਜੋ ਇਨਕਲਾਬ ਲਈ ਸਮਾਜ ਦੀ ਵਿਗਿਆਨਕ ਸਮਝ ਅਤੇ ਵਿਆਪਕ ਲੋਕਾਈ ਦੀ ਭਿਮਕਾ ਨੂੰ ਨਹੀਂ ਸਮਝਦੇ। ਉਹ ਲੋਕਾਂ ਨੂੰ ਗੈਰ-ਸਰਗਰਮ ਭੀੜ ਮੰਨਦੇ ਹਨ ਅਤੇ ਉਸਦੀ ਮੁਕਤੀ ਲਈ ਖ਼ੁਦ ਆਪਣੀ ਬਹਾਦਰੀ ਅਤੇ ਕੁਰਬਾਨੀ ਦੇ ਜ਼ੋਰ ‘ਤੇ, ਹਥਿਆਰ ਚੁੱਕ ਕੇ, ਦਹਿਸ਼ਤ ਅਤੇ ਸਾਜਿਸ਼ ਦੇ ਸਹਾਰੇ ਜਲਦੀ-ਜਲਦੀ ਇਨਕਲਾਬ ਕਰ ਦੇਣਾ ਚਾਹੁੰਦੇ ਹਨ। ਦਹਿਸ਼ਤਵਾਦ ਦਾ ਇਹ ਰਾਹ ਸਮਾਜਿਕ ਇਨਕਲਾਬ ਦੀ ਪ੍ਰਤਿਨਿਧੀ ਮੱਧਵਰਗੀ ਸਮਝ ਹੈ। ਨਾਲ਼ ਹੀ ਨਿਮਨ-ਮੱਧਵਰਗ ਦੇ ਸਿਖਰਲੇ ਅਲਹਿਦਗੀਗ੍ਰਸਤ, ਬਹੁਤ ਹੀ ਪਿਛੜੀ ਚੇਤਨਾ ਰੱਖਣ ਵਾਲ਼ੇ ਪੀਲੇ-ਬਿਮਾਰ ਚਹਿਰਿਆਂ ਵਾਲੇ ਨੌਜਵਾਨ ਹੀ ਤਰ੍ਹਾਂ-ਤਰ੍ਹਾਂ ਦੇ ਫ਼ਾਸਿਸਟਾਂ ਦੇ ਗੁੰਡੇ-ਗਿਰੋਹਾਂ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਹਨ। ਪਰ ਲਗਾਤਾਰ ਮਜ਼ਦੂਰ ਬਣਨ ਦੀ ਦਿਸ਼ਾ ਵਿੱਚ ਵੱਧ ਰਹੇ ਇਸੇ ਨਿਮਨ ਮੱਧਵਰਗ ਦੇ ਰੈਡੀਕਲ ਹਿੱਸਿਆਂ ਵਿੱਚੋਂ ਕੁਝ ਅਜਿਹੇ ਲੋਕ ਨਿਕਲ ਕੇ ਸਾਹਮਣੇ ਆਉਂਦੇ ਹਨ ਜੋ ਆਪਣੇ ਜੀਵਨ ਦੀ ਸੁਭਾਵਿਕ ਪ੍ਰਕਿਰਿਆ ਵਿੱਚ ਪੂੰਜੀਵਾਦ ਦੀਆਂ ਸਾਰੀਆਂ ਅਲਾਮਤਾਂ ਦੇ ਸ਼ਿਕਾਰ ਕਿਰਤੀ ਲੋਕਾਂ ਦੇ ਨਜ਼ਦੀਕ ਆਉਂਦੇ ਹਨ ਅਤੇ ਉਹਨਾਂ ਨਾਲ਼ ਆਤਮਿਕ ਧਰਾਤਲ ‘ਤੇ ਵੀ ਨਜ਼ਦੀਕੀ ਮਹਿਸੂਸ ਕਰਨ ਲੱਗਦੇ ਹਨ। ਉਹ ਮੱਧਵਰਗ ਦੇ ਸਭ ਤੋਂ ਉੱਨਤ ਚੇਤਨਾ ਵਾਲ਼ੇ ਰੈਡੀਕਲ ਤੱਤ ਹੁੰਦੇ ਹਨ। ਉਹ ਸਮਾਜਿਕ ਤਬਦੀਲੀ ਦੀ ਦਿਸ਼ਾ ਅਤੇ ਰਾਹ ਬਾਰੇ ਵਿਵਹਾਰਕ ਅਤੇ ਤਰਕਸੰਗਤ ਢੰਗ ਨਾਲ਼ ਸੋਚਦੇ ਹਨ, ਇਹਨਾਂ ਨੂੰ ਜਾਨਣ ਲਈ ਸਮਾਜ ਦੀ ਆਰਥਿਕ-ਸਮਾਜਿਕ-ਰਾਜਨੀਤਕ ਬਣਤਰ ਦਾ, ਉਸਦੀ ਅੰਦਰੂਨੀ ਗਤਿਕੀ ਦਾ ਅਤੇ ਸਮਾਜ ਵਿਕਾਸ ਦੀ ਪੂਰੀ ਇਤਿਹਾਸਕ ਪ੍ਰਕਿਰਿਆ ਦਾ ਅਧਿਐਨ ਕਰਦੇ ਹਨ ਅਤੇ ਇਸ ਪ੍ਰਕਾਰ, ਪੂੰਜੀਵਾਦ-ਵਿਰੋਧੀ ਇਨਕਲਾਬ ਦੇ ਵਿਗਿਆਨ ਤੋਂ ਜਾਣੂ ਹੁੰਦੇ ਹਨ। ਉਹਨਾਂ ਸਾਹਮਣੇ ਇਹ ਸੱਚਾਈ ਸਪੱਸ਼ਟ ਹੋ ਜਾਂਦੀ ਹੈ ਕਿ ਪੂੰਜੀਵਾਦੀ ਸਮਾਜ ਵਿੱਚ ਉਤਪਾਦਨ ਦੇ ਸਾਧਨਾਂ ਅਤੇ ਸਮਾਜਿਕ ਕਿਰਤ ਦੇ ਉਤਪਾਦਾਂ ਉੱਤੇ ਸਮਾਜ ਦੀ ਮਾਲਕੀ ਨਹੀਂ ਹੁੰਦੀ। ਉਹਨਾਂ ‘ਤੇ ਪੂੰਜੀਪਤੀ ਜਮਾਤ ਦਾ ਅਧਿਕਾਰ ਹੁੰਦਾ ਹੈ। ਸਮਾਜਿਕ ਉਤਪਾਦਨ ਅਤੇ ਪੂੰਜਾਵਾਦੀ ਨਿਜੀ ਮਾਲਕੀ ਵਿਚਕਾਰ ਇਸ ਅੰਤਰਵਿਰੋਧ ਨੂੰ ਹੱਲ ਕਰਕੇ ਅਤੇ ਉਤਪਾਦਨ ਦੇ ਸਾਧਨਾਂ ਅਤੇ ਸਮਾਜਿਕ ਉਤਪਾਦਾਂ ਦਾ ਸਮਾਜੀਕਰਨ ਕਰਕੇ ਹੀ ਸਮਾਜ ਅੱਗੇ ਵੱਧ ਸਕਦਾ ਹੈ। ਪੂੰਜੀਵਾਦੀ ਜਮਾਤ ਪੂੰਜੀਵਾਦੀ ਉਤਪਾਦਨ ਪ੍ਰਣਾਲੀ ਨੂੰ ਸਮੁੱਚੇ ਤੌਰ ‘ਤੇ ਆਪਣੀ ਰਾਜਸੱਤਾ ਦੀ ਤਾਕਤ ਦੇ ਜ਼ੋਰ ‘ਤੇ ਹੀ ਕਾਇਮ ਰੱਖਦੀ ਹੈ। ਕੋਈ ਸਮਾਜਿਕ ਇਨਕਲਾਬ ਉਸ ਰਾਜਸੱਤਾ ਨੂੰ ਤਬਾਹ ਕਰਕੇ ਹੀ ਨਵੀਂ ਸਮਾਜਿਕ ਵਿਵਸਥਾ ਦੀ ਉਸਾਰੀ ਦਾ ਰਾਹ ਤਿਆਰ ਕਰ ਸਕਦਾ ਹੈ। ਇਹ ਕੰਮ ਸਿਰਫ਼ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ ਕਿਉਂਕਿ ਸਿਰਫ਼ ਉਹ ਹੀ ਇੱਕ ਅਜਿਹੀ ਜਮਾਤ ਹੈ ਜੋ ਕਿਸੇ ਵੀ ਪ੍ਰਕਾਰ ਦੀ ਨਿਜੀ ਮਾਲਕੀ ਤੋਂ ਸੱਖਣੀ, ਸਿਰਫ਼ ਆਪਣੀ ਕਿਰਤ ਸ਼ਕਤੀ ਦੀ ਮਾਲਕ ਹੁੰਦੀ ਹੈ, ਉਹੀ ਸਭ ਤੋਂ ਵੱਧ ਲੁੱਟ-ਅਤਿਆਚਾਰ ਸਹਿ ਰਹੀ ਅਤੇ ਉੱਨਤ ਉਤਪਾਦਕ ਤਾਕਤਾਂ ਦਾ ਪ੍ਰਤੀਨਿਧੀ ਹੋਣ ਦੇ ਨਾਤੇ ਸਭ ਤੋਂ ਦ੍ਰਿੜ ਇਨਕਲਾਬੀ ਕਿਰਦਾਰ ਵਾਲ਼ੀ ਜਮਾਤ ਹੁੰਦੀ ਹੈ।

    ਇਨਕਲਾਬ ਦੇ ਇਸੇ ਵਿਗਿਆਨ ਨੂੰ ਸਮਝਦੇ ਹੋਏ ਨਿਮਨ ਮੱਧਵਰਗ ਦੇ ਸਭ ਤੋਂ ਵੱਧ ਉੱਨਤ, ਰੈਡੀਕਲ ਬੌਧਿਕ ਤੱਤ ਕਿਰਤੀ ਲੋਕਾਂ ਦੀ ਇਤਿਹਾਸ-ਨਿਰਮਾਤਾ ਭਿਮਕਾ ਤੋਂ ਅਤੇ ਮਜ਼ਦੂਰ ਜਮਾਤ ਦੀ ਆਗੂ ਇਨਕਲਾਬੀ ਭਿਮਕਾ ਤੋਂ ਜਾਣੂ ਹੁੰਦੇ ਹਨ ਅਤੇ ਉਹਨਾਂ ਨਾਲ਼ ਏਕਤਾ ਬਣਾਉਣ ਦੀਆਂ ਸਚੇਤਨ ਕੋਸ਼ਿਸ਼ਾਂ ਵਿੱਚ ਜੁੱਟ ਜਾਂਦੇ ਹਨ। ਉਂਝ ਤਾਂ ਕਿਸੇ ਵੀ ਪੂੰਜੀਵਾਦੀ ਸਮਾਜ ਵਿੱਚ ਪੂੰਜੀ-ਸੰਗ੍ਰਹਿ ਦੀ ਪ੍ਰਕਿਰਿਆ ਅੱਗੇ ਵਧਣ ਦੇ ਨਾਲ਼-ਨਾਲ਼ ਜਿਵੇਂ ਜਿਵੇਂ ਅਮੀਰ-ਗਰੀਬ ਵਿਚਕਾਰ ਪਾੜਾ ਵਧਦਾ ਜਾਂਦਾ ਹੈ ਅਤੇ ਸਮਾਜਿਕ ਧਰੂਵੀਕਰਨ ਤੇਜ਼, ਗਹਿਰਾ ਅਤੇ ਤਿੱਖਾ ਹੁੰਦਾ ਜਾਂਦਾ ਹੈ, ਉਂਵੇ-ਉਂਵੇ ਲਗਾਤਾਰ ਮਜ਼ਦੂਰ ਜਮਾਤ ਵੱਲ ਧੱਕੇ ਜਾ ਰਹੇ ਮੱਧਵਰਗ ਦੀਆਂ ਹੇਠਲੀਆਂ ਅਤੇ ਵਿਚਕਾਰਲੀਆਂ ਤੈਹਾਂ ਸਾਹਮਣੇ ਇਹ ਗੱਲ ਸਪੱਸ਼ਟ ਹੁੰਦੀ ਜਾਂਦੀ ਹੈ ਕਿ ਉਹਨਾਂ ਦੇ ਸਾਹਮਣੇ ਪੂੰਜੀਵਾਦ ਦੇ ਖ਼ਾਤਮੇ ਅਤੇ ਸਮਾਜਵਾਦ ਦੇ ਬਦਲ ਨੂੰ ਪ੍ਰਵਾਨ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ ਅਤੇ ਸਰੀਰਕ ਕਿਰਤ ਕਰਨ ਵਾਲਿਆਂ ਨਾਲ਼ ਵਿਰੋਧਤਾਈ ਦੇ ਬਾਵਜੂਦ ਪੂੰਜੀਵਾਦ-ਵਿਰੋਧੀ ਇਨਕਲਾਬ ਵਿੱਚ ਉਹਨਾਂ ਦੇ ਮਿੱਤਰ ਬਣ ਜਾਂਦੇ ਹਨ। ਪਰ ਮੱਧ ਵਰਗ ਦੀਆਂ ਇਹਨਾਂ ਤੈਹਾਂ ਦੇ ਜੋ ਸਭ ਤੋਂ ਵੱਧ ਉੱਨਤ ਤੱਤ ਹੁੰਦੇ ਹਨ, ਉਹ ਮਜ਼ਦੂਰ ਜਮਾਤ ਦੇ ਕੇਵਲ ਮਿੱਤਰ ਬਣਨ ਦੀ ਜਗ੍ਹਾ ਕਿਰਤੀਆਂ ਦੀ ਜਿੰਦਗੀ ਅਤੇ ਇਤਿਹਾਸਕ ਮਿਸ਼ਨ ਨੂੰ ਪੂਰੀ ਤਰ੍ਹਾਂ ਅਪਣਾ ਕੇ, ਆਪਣੀ ਜਮਾਤੀ ਰੂਪਬਦਲੀ ਕਰਕੇ ਮਜ਼ਦੂਰ ਜਮਾਤ ਦਾ ਹੀ ਹਿੱਸਾ ਬਣ ਜਾਂਦੇ ਹਨ ਅਤੇ ਮਜ਼ਦੂਰ ਇਨਕਲਾਬ ਦੇ ਹਿਰਾਵਲ ਹਿੱਸਿਆਂ ਵਿੱਚ ਸ਼ਾਮਲ ਹੋ ਜਾਂਦੇ ਹਨ। ਨਿਸ਼ਚਿਤ ਹੀ, ਆਪਣਾ ਮਜ਼ਦੂਰ-ਜਮਾਤੀਕਰਨ ਕਰਨ ਵਾਲ਼ੇ ਅਜਿਹੇ ਮੱਧਵਰਗੀ ਬੁੱਧੀਜੀਵੀਆਂ ਦੀ ਸੰਖਿਆ (ਪੂਰੇ ਮੱਧਵਰਗ ਦੇ ਅਨੁਪਾਤ ਵਿੱਚ) ਬਹੁਤ ਹੀ ਛੋਟੀ ਹੁੰਦੀ ਹੈ, ਪਰ ਸਮਾਜਵਾਦ ਲਈ ਸੰਘਰਸ਼ ਵਿੱਚ, ਵਿਸ਼ੇਸ਼ ਤੌਰ ‘ਤੇ ਸ਼ੁਰੂਆਤੀ ਹਾਲਤਾਂ ਵਿੱਚ ਉਹਨਾਂ ਦੀ ਇਤਿਹਾਸਕ ਅਤੇ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਉਜ਼ਰਤੀ ਗੁਲਾਮੀ ਦੀਆਂ ਵਿਮਾਨਵਕਾਰੀ (ਡਿਹਿਊਮਨਾਈਜਿੰਗ) ਹਾਲਤਾਂ ਵਿੱਚ ਆਪਣੀ ਹੋਂਦ ਲਈ ਜੂਝਦੀ ਹੋਈ ਮਜ਼ਦੂਰ ਜਮਾਤ ਪੂੰਜੀਵਾਦੀ ਅਣਮਨੁੱਖਤਾ ਵਿਰੁੱਧ ਜੱਥੇਬੰਦ ਹੋ ਕੇ ਲੜਨ ਦੀ ਜਮਾਤੀ ਚੇਤਨਾ ਤਾਂ ਹਾਸਿਲ ਕਰ ਲੈਂਦੀ ਹੈ, ਪਰ ਉਹ ਆਪਣੇ-ਆਪ ਇਹ ਨਹੀਂ ਸਮਝ ਪਾਉਂਦੀ ਕਿ ਪੂੰਜੀ ਦੀ ਸੱਤਾ ਨੂੰ ਤਬਾਹ ਕਰ ਕੇ ਪੂੰਜੀਵਾਦੀ ਉਤਪਾਦਨ ਪ੍ਰਣਾਲੀ ਨੂੰ ਸਮਾਪਤ ਕਰਨ ਦਾ ਅਤੇ ਲੁੱਟ-ਅਤਿਆਚਾਰ ਤੋਂ ਮੁਕਤ ਸਮਾਜਿਕ ਪ੍ਰਬੰਧ ਦੀ ਉਸਾਰੀ ਦੀ ਦਿਸ਼ਾ ਵਿੱਚ ਅੱਗੇ ਵੱਧਣ ਦਾ ਰਾਹ ਕੀ ਹੋਵੇਗਾ? ਜਿੰਦਗੀ ਉਸਨੂੰ ਜਮਾਤੀ ਸੰਘਰਸ਼ਾਂ ਦੇ ਇਤਿਹਾਸ ਅਤੇ ਨਿਯਮਾਂ ਤੋਂ, ਪੂੰਜੀਵਾਦੀ ਦੀ ਆਰਥਿਕ ਗਤਿਕੀ ਤੋਂ ਅਤੇ ਸਮਾਜਵਾਦ ਦੀ ਵਿਗਿਆਨਕ ਸਮਝਦਾਰੀ ਤੋਂ ਜਾਣੂ ਹੋਣ ਦਾ ਮੌਕਾ ਨਹੀਂ ਦਿੰਦੀ। ਅਜਿਹੇ ਸਮੇਂ ਵਿੱਚ, ਉਸਦੇ ਸੰਘਰਸ਼ ਜਾਂ ਤਾਂ ਸਿਰਫ਼ ਆਰਥਿਕ ਮੰਗਾਂ ਦੇ ਸੰਘਰਸ਼ਾਂ ਦੇ ਦਾਇਰੇ ਤੱਕ ਅਤੇ ਪੇਸ਼ਾਗਤ ਤੰਗ ਜਿਹੇ ਦਾਇਰੇ ਵਿੱਚ ਸੁੰਗੜ ਕੇ ਹੀ ਰਹਿ ਜਾਂਦੇ ਹਨ ਜਾਂ ਫਿਰ ਦਿਸ਼ਾਹੀਣ ਵਿਦਰੋਹਾਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਪੂੰਜੀਵਾਦੀ ਜਮਾਤ ਦੀ ਰਾਜਸੱਤਾ ਨੂੰ ਤਬਾਹ ਕਰਕੇ ਆਪਣੀ ਰਾਜਸੱਤਾ ਸਥਾਪਿਤ ਕਰਨ ਵਾਲ਼ੇ ਰਾਜਨੀਤਕ ਸੰਘਰਸ਼ ਦੀ ਦਿਸ਼ਾ ਵਿੱਚ ਅੱਗੇ ਨਹੀਂ ਵਧ ਪਾਉਂਦੇ। ਇਸ ਕੰਮ ਨੂੰ ਅੰਜ਼ਾਮ ਦੇਣ ਲਈ ਮਜ਼ਦੂਰ ਜਮਾਤ ਦੇ ਥੋੜੇ ਜਿਹੇ ਹੀ ਆਗੂ ਤੱਤ ਅੱਗੇ ਆਉਂਦੇ ਹਨ, ਉਹ ਖ਼ੁਦ ਨੂੰ ਇੱਕ ਹਰਾਵਲ ਦਸਤੇ ਦੇ ਰੂਪ ਵਿੱਚ, ਇੱਕ ਆਗੂ ਕੋਰ ਦੇ ਰੂਪ ਵਿੱਚ- ਇੱਕ ਇਨਕਲਾਬੀ ਪਾਰਟੀ ਦੇ ਰੂਪ ਵਿੱਚ ਜੱਥੇਬੰਦ ਕਰਦੇ ਹੋਏ, ਮਜ਼ਦੂਰ ਜਮਾਤ ਨੂੰ ਉਸਦੇ ਇਤਿਹਾਸਕ ਮਿਸ਼ਨ ਦੀ ਪਹਿਚਾਣ ਕਰਵਾਉਂਦੇ ਹੋਏ, ਉਸਨੂੰ ਸਮਾਜਵਾਦ ਦੇ ਵਿਚਾਰਾਂ ਤੋਂ ਜਾਣੂ ਕਰਵਾਉਂਦੇ ਹੋਏ, ਆਰਥਿਕ ਸੰਘਰਸ਼ਾਂ ਦੇ ਨਾਲ਼-ਨਾਲ਼ ਰਾਜਨੀਤਕ ਸੰਘਰਸ਼ਾਂ ਦੀ ਦਿਸ਼ਾ ਵਿੱਚ ਅੱਗੇ ਵਧਾਉਂਦੇ ਰਹਿੰਦੇ ਹਨ। ਫਿਰ ਵਿਆਪਕ ਮਜ਼ਦੂਰ ਅਬਾਦੀ ਟ੍ਰੇਡ ਯੂਨੀਅਨਾਂ ਤੋਂ ਅੱਗੇ ਵੱਧ ਕੇ ਇੱਕ ਇਨਕਲਾਬੀ ਪਾਰਟੀ ਦੀ ਅਗਵਾਈ ਵਿੱਚ ਆਪਣੀਆਂ ਰਾਜਨੀਤਕ ਮੰਗਾਂ ਲਈ ਲੜਾਈ ਲੜਦੀ ਹੋਈ ਪੂਰੀ ਮਾਲਕ ਜਮਾਤ ਅਤੇ ਉਸਦੀ ਰਾਜਸੱਤਾ ਵਿੱਰੁਧ ਆਪਣੀ ਸਾਰੀ ਤਾਕਤ ਲਗਾਉਂਦੀ ਹੈ। ਪਰ ਪੂੰਜੀਵਾਦੀ ਸਮਾਜ ਵਿੱਚ ਗਿਆਨ ਦੀ ਦੁਨੀਆਂ ਅਤੇ ਸ਼ਰੀਰਕ ਕਿਰਤ ਵਿਚਕਾਰ ਫ਼ਰਕ ਕਾਰਨ, ਇਨਕਲਾਬੀ ਸੰਘਰਸ਼ ਦੇ ਸ਼ੁਰੂਆਤੀ ਦੌਰਾਂ ਵਿੱਚ, ਮਜ਼ਦੂਰ ਜਮਾਤ ਵਿੱਚੋਂ ਆਉਣ ਵਾਲ਼ੇ ਅਜਿਹੇ ਬੌਧਿਕ ਆਗੂ ਤੱਤਾਂ ਦੀ- ਮਜ਼ਦੂਰ ਜਮਾਤ ਦੇ ਅਜਿਹੇ ਕੁਦਰਤੀ ‘ਆਰਗੈਨਿਕ ਇੰਟਲੈਕਚੁਅਲਜ਼’ ਦੀ ਸੰਖਿਆਂ ਬਹੁਤ ਹੀ ਛੋਟੀ ਜਾਂ ਨਿਗੂਣੀ ਹੁੰਦੀ ਹੈ ਜਿਸਦਾ ਕੰਮ ਮਜ਼ਦੂਰ ਲਹਿਰ ਤੱਕ ਸਮਾਜਵਾਦ ਦੇ ਵਿਚਾਰਾਂ ਨੂੰ ਪਹੁੰਚਾਉਣਾ ਹੁੰਦਾ ਹੈ। ਅੱਗੇ ਚੱਲਕੇ ਆਰਥਿਕ ਸੰਘਰਸ਼ਾਂ ਦੀ ਸ਼ੁਰੂਆਤੀ ਪਾਠਸ਼ਾਲਾ ਅਤੇ ਰਾਜਨੀਤਕ ਸੰਘਰਸ਼ਾਂ ਦੀਆਂ ਉੱਚ-ਪਾਠਸ਼ਾਲਾਵਾਂ ਵਿੱਚ ਸਿੱਖਿਅਤ ਅਤੇ ਟ੍ਰੇਂਡ ਹੋਣ ਤੋਂ ਬਾਅਦ ਅਤੇ ਵਿਸ਼ਾਲ ਰਾਜਨੀਤਕ ਪ੍ਰਚਾਰ ਅਤੇ ਸਿੱਖਿਆ ਦੀਆਂ ਕਾਰਵਾਈਆਂ ਤੋਂ ਬਾਅਦ, ਸਧਾਰਨ ਮਜ਼ਦੂਰਾਂ ਵਿੱਚੋਂ ਵੀ ਅਜਿਹੇ ਉੱਨਤ ਬੌਧਿਕ ਇਨਕਲਾਬੀ ਤੱਤ ਜਿਆਦਾ ਤੋਂ ਜਿਆਦਾ ਸੰਖਿਆਂ ਵਿੱਚ ਪੈਦਾ ਹੋ ਕੇ ਇਨਕਲਾਬੀ ਮਜ਼ਦੂਰ ਪਾਰਟੀ ਵਿੱਚ ਸ਼ਾਮਿਲ ਹੋਣ ਲੱਗਦੇ ਹਨ ਅਤੇ ਉਹਨਾਂ ਵਿੱਚ ਕਈ ਆਗੂ ਭੂਮੀਕਾ ਨਿਭਾਉਣ ਲੱਗਦੇ ਹਨ। ਪਰ ਸ਼ੁਰੂਆਤੀ ਦੌਰਾਂ ਵਿੱਚ ਅਜਿਹਾ ਨਹੀਂ ਹੋ ਪਾਉਂਦਾ।

    ਮਜ਼ਦੂਰਾਂ ਦੇ ਇਨਕਲਾਬੀ ਸੰਘਰਸ਼ ਦੇ ਅਜਿਹੇ ਸ਼ੁਰੂਆਤੀ ਦੌਰਾਂ ਵਿੱਚ ਅਜਿਹੇ ਇਨਕਲਾਬੀ ਬੁੱਧੀਜੀਵੀਆਂ ਦੀ ਵਿਸ਼ੇਸ਼ ਇਤਿਹਾਸਕ ਭੂਮਿਕਾ ਹੁੰਦੀ ਹੈ ਜੋ ਆਉਂਦੇ ਤਾਂ ਮੱਧਵਰਗ ਤੋਂ (ਆਮ ਤੌਰ ‘ਤੇ ਨਿਮਨ ਮੱਧਵਰਗ) ਹਨ, ਪਰ ਆਪਣੇ ਜਮਾਤੀ-ਮੂਲ ਤੋਂ ਫ਼ੈਸਲਾਕੁਨ ਤੋੜ-ਵਿਛੋੜਾ ਕਰਕੇ ਖੁਦ ਨੂੰ ਮਜ਼ਦੂਰ ਜਮਾਤ ਦੇ ਜੀਵਨ, ਉਸਦੇ ਸੰਘਰਸ਼ਾਂ ਅਤੇ ਉਸਦੇ ਇਤਿਹਾਸਕ ਉਦੇਸ਼ ਨਾਲ਼ ਜੋੜ ਲੈਂਦੇ ਹਨ। ਉਹ ਆਪਣਾ ਮਜ਼ਦੂਰ-ਜਮਾਤੀਕਰਨ ਕਰ ਲੈਂਦੇ ਹਨ ਅਤੇ ਮਜ਼ਦੂਰ ਜਮਾਤ ਦੇ ਹਰਾਵਲ ਦੀ ਭੂਮਿਕਾ ਨਿਭਾਉਣ ਲੱਗਦੇ ਹਨ ਕਿਉਂਕਿ ਪੂੰਜੀਵਾਦੀ ਸਮਾਜ ਵਿੱਚ ਗਿਆਨ ਦੀ ਦੁਨੀਆਂ ਤੋਂ ਜਾਣੂ ਹੋਣ ਕਾਰਨ ਸਮਾਜ ਵਿਕਾਸ ਦੀ ਦਿਸ਼ਾ ਅਤੇ ਗਤਿਕੀ ਨੂੰ ਸਮਝ ਲੈਣਾ ਉਸ ਲਈ ਵੱਧ ਅਸਾਨ ਹੁੰਦਾ ਹੈ। ਇਸ ਲਈ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਜੱਥੇਬੰਦ ਹੋਣ ਵਾਲ਼ੇ ਪੂੰਜੀਵਾਦ-ਵਿਰੋਧੀ ਸੰਘਰਸ਼ ਦੇ ਸ਼ੁਰੂਆਤੀ ਦੌਰਾਂ ਵਿੱਚ ਮੱਧਵਰਗੀ ਜਮਾਤੀ-ਮੂਲ ਵਾਲ਼ੇ ਅਜਿਹੇ ਇਨਕਲਾਬੀ ਬੁੱਧੀਜੀਵੀਆਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਖੁਦ ਮਾਰਕਸ, ਏਂਗਲਜ, ਲੇਨਿਨ, ਮਾਓ, ਹੋ ਚੀ ਮਿਨ੍ਹ, ਕਿਮ ਇਲ ਸੁੰਗ ਆਦਿ ਵੀ ਅਜਿਹੇ ਹੀ ਲੋਕ ਸਨ। ਮਾਰਕਸ-ਏਂਗਲਜ ਦੇ ਸਮੇਂ ਵਿੱਚ ਯੂਰਪੀ ਮਜ਼ਦੂਰ ਲਹਿਰ ਵਿੱਚ ਡਿਏਟਜ਼ਗੇਨ ਅਤੇ ਜੋਹਨ ਫ਼ਿਲਿਪ ਬੇਕਰ, ਲੇਨਿਨ ਦੇ ਸਮੇਂ ਵਿੱਚ ਰੂਸੀ ਮਜ਼ਦੂਰ ਲਹਿਰ ਵਿੱਚ ਇਵਾਨ ਬਾਬੁਸ਼ਿਕਨ ਜਿਹੇ ਕਈ ਅਜਿਹੇ ਲੋਕ ਵੀ ਸਨ ਜੋ ਸਧਾਰਨ ਮਜ਼ਦੂਰ ਜਮਾਤ ਤੋਂ ਆਉਣ ਵਾਲ਼ੇ ਇਨਕਲਾਬੀ ਬੌਧਿਕ ਤੱਤ ਸਨ, ਪਰ ਸ਼ੁਰੂਆਤੀ ਦੌਰਾਂ ਵਿੱਚ ਅਜਿਹੇ ਤੱਤਾਂ ਦੀ ਸੰਖਿਆਂ ਬਹੁਤ ਹੀ ਘੱਟ ਸੀ। ਹਰ ਜਗ੍ਹਾ ‘ਤੇ, ਇਨਕਲਾਬੀ ਮਜ਼ਦੂਰ ਲਹਿਰ ਨੇ ਸਮਾਜਵਾਦ ਦੇ ਵਿਚਾਰਾਂ ਨਾਲ਼ ਲੈੱਸ ਹੋ ਕੇ ਜਿਵੇਂ ਜਿਵੇਂ ਕਦਮ ਅੱਗੇ ਪੁੱਟਿਆ, ਉਸ ਵਿੱਚ ਥੱਲੇ ਤੋਂ ਲੈ ਕੇ ਆਗੂ ਤੱਤਾਂ ਤੱਕ ਉੱਨਤ ਬੌਧਿਕ ਧਰਾਤਲ ਵਾਲ਼ੇ ਮਜ਼ਦੂਰਾਂ ਦੀ ਸੰਖਿਆ ਵਧਦੀ ਹੀ ਗਈ ਅਤੇ ਮਜ਼ਦੂਰ ਜਮਾਤ ਦੀਆਂ ਪਾਰਟੀਆਂ ਦੀ ਬਣਤਰ (ਕੰਪੋਜੀਸ਼ਨ) ਬਦਲਦੀ ਹੀ ਗਈ। ਪਰ ਏਨਾ ਨਿਰਵਿਵਾਦ ਹੈ ਕਿ ਸ਼ੁਰੂਆਤੀ ਦੌਰ ਵਿੱਚ ਸਾਰੀਆਂ ਥਾਂਵਾਂ ‘ਤੇ, ਮੱਧਵਰਗ ਤੋਂ ਆਉਣ ਵਾਲ਼ੇ ਅਤੇ ਆਪਣੀ ਜਮਾਤੀ-ਰੂਪਬਦਲੀ ਕਰਕੇ, ਆਪਣੇ ਜਮਾਤੀ ਹਿੱਤਾਂ ਨੂੰ ਛੱਡ ਕੇ ਮਜ਼ਦੂਰ ਜਮਾਤ ਦੇ ਹਿੱਤਾਂ ਲਈ ਲੜਨ ਵਾਲ਼ੇ ਅਤੇ ਮਜ਼ਦੂਰ ਸਮਾਜਵਾਦੀ ਧਾਰਾ ਵਿੱਚ ਸ਼ਾਮਿਲ ਹੋਣ ਜਾਣ ਵਾਲ਼ੇ ਇਨਕਲਾਬੀ ਬੁੱਧੀਜੀਵੀਆਂ ਦੀ ਭੂਮਿਕਾ ਜ਼ਰੂਰੀ ਤੌਰ ‘ਤੇ ਮਹੱਤਵਪੂਰਨ ਰਹੀ ਹੈ ਅਤੇ ਪੂੰਜੀਵਾਦੀ ਸਮਾਜ ਦੀ ਕਿਰਤ-ਵੰਡ ਦੀਆਂ ਹਾਲਤਾਂ ਦੇ ਵਿਸ਼ਲੇਸ਼ਣ ਨਾਲ਼ ਇਹ ਪੂਰੀ ਤਰ੍ਹਾਂ ਸੁਭਾਵਿਕ ਅਤੇ ਤਰਕਸੰਗਤ ਪ੍ਰਤੀਤ ਹੁੰਦਾ ਹੈ।

    ਭਾਰਤੀ ਸੰਦਰਭਾਂ ਵਿੱਚ ਇਹ ਸਵਾਲ ਹੋਰ ਵੱਧ ਮਹੱਤਵਪੂਰਨ ਹੈ। ਭਾਰਤੀ ਸਮਾਜ ਦੇ ਤਾਣੇ-ਬਾਣੇ ਵਿੱਚ ਜਮਹੂਰੀਅਤ ਦੇ ਤੱਤ, ਯੂਰਪੀ ਸਮਾਜ ਦੀ ਤੁਲਨਾ ਵਿੱਚ (ਇੱਥੋਂ ਤੱਕ ਕਿ 19ਵੀਂ ਸਦੀ ਦੇ ਰੂਸ ਦੀ ਤੁਲਨਾ ਵਿੱਚ ਵੀ) ਬਹੁਤ ਨਿਗੂਣੇ ਹਨ। ਉੱਚ-ਉਸਾਰ (ਸੁਪਰਸਟੱਕਚਰ) ਵਿੱਚ ਬੁਰਜ਼ੂਆ ਜਮਹੂਰੀਅਤ ਦੀ ਸਪੇਸ ਬਹੁਤ ਹੀ ਤੰਗ ਹੈ (ਇਸਦੇ ਨਿਸ਼ਚਿਤ ਇਤਿਹਾਸਕ ਕਾਰਨ ਹਨ, ਜਿਨ੍ਹਾਂ ਦੀ ਚਰਚਾ ਨਾ ਤਾਂ ਇੱਥੇ ਸੰਭਵ ਹੈ ਅਤੇ ਨਾ ਹੀ ਸਾਡਾ ਉਦੇਸ਼)। ਇਸੇ ਕਰਕੇ ਇੱਥੇ ਪੜ੍ਹੇ-ਲਿਖੇ ਮੱਧਵਰਗ ਅਤੇ ਮਜ਼ਦੂਰਾਂ ਵਿਚਲੇ ਸਮਾਜਿਕ ਵੱਖਰੇਪਨ ਦਾ ਪਾੜਾ ਬਹੁਤ ਡੂੰਘਾ ਹੈ। ਘੱਟ-ਵੱਧ ਰਵਾਇਤੀ ਸਕੂਲੀ ਸਿੱਖਿਆ ਹਾਸਿਲ ਕਰ ਲੈਣ ਦੇ ਬਾਵਜੂਦ, ਗਿਆਨ-ਵਿਗਿਆਨ ਅਤੇ ਕਲਾ-ਸਭਿਆਚਾਰ ਦੀ ਦੁਨੀਆਂ ਨਾਲ਼ ਆਮ ਮਜ਼ਦੂਰ ਜਮਾਤ ਹੱਦੋਂ ਵੱਧ ਦੂਰ ਹੈ। ਜਿਸ ਸਮਾਜ ਵਿੱਚ ਆਮ ਮਜ਼ਦੂਰ ਅਤੇ ਪ੍ਰੋਫ਼ੈਸਰ-ਪੱਤਰਕਾਰ-ਲੇਖਕ-ਵਿਦਿਆਰਥੀ ਇੱਕ ਚਾਹ ਦੀ ਦੁਕਾਨ ‘ਤੇ ਇਕੱਠੇ ਚਾਹ ਨਹੀਂ ਪੀਂਦੇ, ਉੱਥੇ ਪੜ੍ਹਨ-ਲਿਖਣ ਦਾ ਸ਼ੋਂਕ ਰੱਖਣ ਵਾਲ਼ਾ ਗੋਰਕੀ ਜਿਹਾ ਮਜ਼ਦੂਰ ਮੱਧਵਰਗ ਦੇ ਲੇਖਕ ਕੋਰੋਲੇਂਕੋ ਜਿਹੇ ਕਿਸੇ ਵਿਅਕਤੀ ਦੇ ਡਰਾਇੰਗਰੂਮ ਵਿੱਚ ਜਾ ਵੀ ਨਹੀਂ ਸਕਦਾ। ਉੱਥੇ ਪਾਰਸਨ, ਸਪਾਇਸ, ਫਿਸ਼ਰ, ਏਂਜਲ (ਮਈ ਦਿਵਸ ਦੇ ਨਾਇਕ ਮਜ਼ਦੂਰ ਆਗੂ), ਅਰਨੈਸਟ ਜੋਂਸ ਜਿਹੇ ਲੇਖਕ-ਕਵੀ ਮਜ਼ਦੂਰ ਆਗੂ ( ਚਾਰਟਿਸਟ ਲਹਿਰ ਦੇ ਆਗੂ) ਅਤੇ ਜੋਹਾਨ ਫਿਲਿਪ ਬੇਕਰ ਅਤੇ ਇਵਾਨ ਬਾਬੁਸ਼ਿਕਨ ਜਿਹੇ ਮਜ਼ਦੂਰ ਜੱਥੇਬੰਦਕ ਅਸਾਨੀ ਨਾਲ਼, ਰਾਜਨੀਤਕ ਸਿੱਖਿਆ, ਪ੍ਰਚਾਰ ਅਤੇ ਸੰਘਰਸ਼ਾਂ ਦੀ ਇੱਕ ਲੰਬੀ ਸਚੇਤਨ ਪ੍ਰਕਿਰਿਆ ਬਿਨਾਂ ਪੈਦਾ ਨਹੀਂ ਹੋ ਸਕਦੇ। ਇੱਕ ਹੋਰ ਵੀ ਸਮੱਸਿਆ ਹੈ। ਭਾਰਤ ਵਿੱਚ ਸਨਅਤੀ ਮਜ਼ਦੂਰ ਅਬਾਦੀ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਭਾਰੀ ਵਾਧਾ ਹੋਇਆ ਹੈ, ਪਰ ਅਜੇ ਵੀ ਉਹਨਾਂ ਦੀ ਵੱਡੀ ਗਿਣਤੀ ਅਜਿਹੀ ਹੈ, ਜਿਨ੍ਹਾਂ ਦਾ ਪਰਿਵਾਰ ਪਿੰਡਾਂ ਵਿੱਚ ਰਹਿੰਦਾ ਹੈ ਅਤੇ ਜ਼ਮੀਨ ਦੇ ਕਿਸੇ ਛੋਟੇ ਜਿਹੇ ਟੁੱਕੜੇ ਅਤੇ ”ਪੁਰਖਿਆਂ ਦੀ ਮਿੱਟੀ” ਨਾਲ਼ ਰਾਗਮਈ ਮੋਹ ਨਾਲ਼ ਚਿਪਕਿਆ ਬੈਠਾ ਹੈ। ਇਹ ਸਥਿਤੀ ਅਜਿਹੇ ਮਜ਼ਦੂਰਾਂ ਦੀ ਮਜ਼ਦੂਰ ਜਮਾਤੀ ਚੇਤਨਾ ਦੇ ਤਿੱਖੇਪਨ ਅਤੇ ਜੀਵਨ ਦ੍ਰਿਸ਼ਟੀਕੋਣ ਦੇ ਵਿਸਤਾਰ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਖੂਹ ਦੇ ਡੱਡੂਪੁਣੇ ਨੂੰ ਟੁੱਟਣ ਨਹੀਂ ਦਿੰਦੀ। ਜਦਕਿ ਪੂੰਜੀ ਦੀ ਚੌਤਰਫ਼ਾ ਅਤੇ ਤਿੱਖੀ ਹੁੰਦੀ ਮਾਰ ਇਸ ਸਥਿਤੀ ਨੂੰ ਬਦਲ ਰਹੀ ਹੈ, ਪਰ ਅਜੇ ਤਾਂ ਹਾਲਤ ਇਹੋ ਹੈ। ਇਹਨਾਂ ਕਾਰਨਾਂ ਕਰਕੇ ਭਾਰਤੀ ਮਜ਼ਦੂਰ ਜਮਾਤ ਦੇ ਆਪਣੇ ‘ਆਰਗੈਨਿਕ ਇੰਟਲੈਕਚੁਅਲਜ਼’ ਦੀ ਇੱਕ ਵੱਡੀ ਗਿਣਤੀ ਦਾ ਬਹੁਤ ਜਲਦੀ ਅੱਗੇ ਆ ਸਕਣਾ ਸੰਭਵ ਨਹੀਂ ਹੈ। ਇਸ ਲਈ ਰਾਜਨੀਤਕ ਸਿੱਖਿਆ ਅਤੇ ਪ੍ਰਚਾਰ ਕਾਰਜ਼ ਅਤੇ ਰਾਜਨੀਤਕ ਸੰਘਰਸ਼ਾਂ ਦੀ ਇੱਕ ਸਾਪੇਖਕ ਤੌਰ ‘ਤੇ ਜਿਆਦਾ ਲੰਬੀ, ਜਿਆਦਾ ਸੰਘਣੀ, ਜਿਆਦਾ ਵਿਵਧਤਾਪੂਰਨ ਅਤੇ ਜਿਆਦਾ ਸਿਰਜਣਾਤਮਕ ਪ੍ਰਕਿਰਿਆ ਦੀ ਮੰਗ ਹੈ। ਨਾਲ਼ ਹੀ, ਮਜ਼ਦੂਰ ਜਮਾਤ ਵਿਚਕਾਰ ਇਨਕਲਾਬੀ ਸਭਿਆਚਾਰਕ-ਸਮਾਜਿਕ ਸਰਗਰਮੀਆਂ ਉੱਤੇ ਵੀ ਬਹੁਤ ਜਿਆਦਾ ਜ਼ੋਰ ਦੇਣਾ ਪਵੇਗਾ। ਭਾਰਤ ਦੀ ਕਮਿਊਨਿਸਟ ਲਹਿਰ ਨੇ ਕਦੇ ਇਸ ਸਵਾਲ ਨੂੰ ਸਹੀ ਇਤਿਹਾਸਕ ਪਿਛਕੋੜ ਵਿੱਚ ਜਾਨਣ-ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਇਹ ਇੱਕ ਅਲੱਗ ਇਤਿਹਾਸਕ ਪ੍ਰਸੰਗ ਹੈ।

    ਇਸ ਪੂਰੀ ਚਰਚਾ ਦਾ ਨਿਚੋੜ ਇਹ ਹੈ ਕਿ ਪੂੰਜੀਵਾਦ-ਸਾਮਰਾਜਵਾਦ ਵਿਰੁੱਧ ਜੋ ਇੱਕੋ-ਇੱਕ ਬਦਲ ਇੱਕ ਇਤਿਹਾਸਕ ਸੰਭਾਵਨਾਂ ਹੋ ਸਕਦੀ ਹੈ, ਉਹ ਹੈ ਸਮਾਜਵਾਦ। ਸਮਾਜਵਾਦ ਲਈ ਨਵੇਂ ਸਿਰੇ ਤੋਂ ਜੱਥੇਬੰਦ ਕੀਤੇ ਜਾਣ ਵਾਲ਼ੇ ਸੰਘਰਸ਼ ਵਿੱਚ ਆਗੂ ਭੂਮਿਕਾ ਮਜ਼ਦੂਰ ਜਮਾਤ ਦੀ ਹੀ ਹੋ ਸਕਦੀ ਹੈ। ਮੱਧਵਰਗ ਦੇ ਜਿਸ ਹਿੱਸੇ ਲਈ ਪੂੰਜੀਵਾਦ ਵਿੱਚ ਕੋਈ ਭਵਿੱਖ ਨਹੀਂ ਹੈ, ਉਸ ਸਾਹਮਣੇ ਇੱਕੋ-ਇੱਕ ਰਾਹ ਇਹੋ ਰਹਿ ਜਾਂਦਾ ਹੈ ਕਿ ਉਹ ਗੈਰ-ਸਰਗਰਮੀ, ਨਿਰਾਸ਼ਾ, ਬੇਚਾਰਗੀ ਵਿੱਚ ਜਿਉਣ ਜਾਂ ਦਿਸ਼ਾਹੀਣ ਲਹਿਰਾਂ-ਵਿਦਰੋਹਾਂ ਅਤੇ ਅਰਾਜਕਤਾਵਾਦ-ਦਹਿਸ਼ਤਵਾਦ ਦਾ ਰਾਹ ਅਪਣਾਉਣ ਦੀ ਥਾਂ ਆਪਣੇ ਸੰਘਰਸ਼ਾਂ ਨੂੰ ਵਿਆਪਕ ਮਜ਼ਦੂਰ ਅਬਾਦੀ ਦੇ ਸੰਘਰਸ਼ਾਂ ਨਾਲ਼ ਜੋੜੇ ਅਤੇ ਸਮਾਜਵਾਦੀ ਇਨਕਲਾਬ ਦੇ ਨਵੇਂ ਸੰਸਕਰਨਾਂ ਦੀ ਉਸਾਰੀ ਵਿੱਚ ਸਹਿਯੋਗੀ ਬਣੇ। ਮੱਧਵਰਗ ਦੇ ਇਸ ਹਿੱਸੇ ਦੀ ਭੂਮਿਕਾ ਸਿਰਫ਼ ਏਨੀ ਹੀ ਨਹੀਂ ਹੈ। ਮਜ਼ਦੂਰ ਜਮਾਤ ਦੇ ਸੰਘਰਸ਼ਾਂ ਦੀ ਸ਼ੁਰੂਆਤ ਦੇ ਇਸ ਨਵੇਂ ਦੌਰ ਵਿੱਚ, ਇਸ ਤਰ੍ਹਾਂ ਕਹੀਏ ਕਿ ਨਵੀਂ ਸ਼ੁਰੂਆਤ ਲਈ, ਜ਼ਰੂਰੀ ਹੈ ਕਿ ਹੇਠਲੇ ਅਤੇ ਵਿਚਕਾਰਲੇ ਮੱਧਵਰਗ ਦੇ ਸਭ ਤੋਂ ਵੱਧ ਉੱਨਤ ਚੇਤਨਾ ਵਾਲ਼ੇ ਰੈਡੀਕਲ ਤੱਤ ਮਜ਼ਦੂਰ ਜਮਾਤ ਦੀ ਜਿੰਦਗੀ ਅਤੇ ਉਦੇਸ਼ ਨਾਲ਼ ਇਕਮਿਕ ਹੋ ਜਾਣ, ਆਪਣਾ ਮਜ਼ਦੂਰ ਜਮਾਤੀਕਰਨ ਕਰਨ, ਮਜ਼ਦੂਰ ਇਨਕਲਾਬ ਦੇ ਵਿਗਿਆਨ ਨੂੰ ਆਤਮਸਾਤ ਕਰਨ, ਮਜ਼ਦੂਰ ਲਹਿਰ ਅੰਦਰ ਸਮਾਜਵਾਦ ਦੇ ਵਿਚਾਰ ਨੂੰ ਲਿਜਾਣ ਵਿੱਚ ਲੱਗ ਜਾਣ। ਨਿਸ਼ਚਿਤ ਹੀ, ਅੱਗੇ ਚੱਲਕੇ ਮਜ਼ਦੂਰ ਜਮਾਤ ਅੰਦਰੋਂ ਵੀ ਵੱਡੀ ਗਿਣਤੀ ਵਿੱਚ ਉੱਨਤ ਬੌਧਿਕ ਤੱਤ ਉੱਭਰਕੇ ਅੱਗੇ ਆਉਣਗੇ, ਪਰ ਸ਼ੁਰੂਆਤੀ ਦੌਰ ਵਿੱਚ ਉਹਨਾਂ ਦੀ ਗਿਣਤੀ ਬਹੁਤ ਘੱਟ ਹੋਵੇਗੀ। ਅਜਿਹੇ ਸ਼ੁਰੂਆਤੀ ਦੌਰ ਵਿੱਚ ਮੱਧਵਰਗ ਤੋਂ ਆ ਕੇ ਮਜ਼ਦੂਰ ਇਨਕਲਾਬ ਦੇ ਵਿਗਿਆਨ ਅਤੇ ਉਦੇਸ਼ ਨੂੰ ਅਪਣਾਉਣ ਵਾਲ਼ੇ ਉੱਨਤ ਚੇਤੰਨ ਤੱਤਾਂ ਦੀ ਭੂਮੀਕਾ ਬਹੁਤ ਹੀ ਮਹੱਤਵਪੂਰਨ ਹੈ। ਇਹ ਗੱਲ ਆਮ ਤੌਰ ‘ਤੇ ਸਹੀ ਹੈ, ਪਰ ਭਾਰਤ ਦੀਆਂ ਵਿਸ਼ੇਸ਼ ਸਮਾਜਿਕ-ਰਾਜਨੀਤਕ ਹਾਲਤਾਂ ਵਿੱਚ ਅਤੇ ਅਜਿਹੇ ਦੌਰ ਵਿੱਚ ਇਸਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ।


    ਸਾਡੇ ਦੇਸ਼ ਦੇ ਸਿੱਖਿਅਤ ਮੱਧਵਰਗ ਦੇ ਪਰੇਸ਼ਾਨਹਾਲ ਹਿੱਸਿਆਂ ਦਾ ਜੋ ਪ੍ਰਬੁੱਧ ਅਤੇ ਤਬਦੀਲੀਪਸੰਦ ਨੌਜਵਾਨ ਤਬਕਾ ਹੈ, ਉਹ ਵੀ ਉਤਪਾਦਕਾਂ ਅਤੇ ਉਤਪਾਦਨ ਦੀ ਦੁਨੀਆਂ ਤੋਂ ਟੁੱਟਿਆ ਹੋਇਆ ਹੈ ਅਤੇ ਇਸ ਲਈ ਵਿਆਪਕ ਕਿਰਤੀ ਲੋਕਾਂ ਦੀ ਇਤਿਹਾਸ ਨਿਰਮਾਤਾ ਤਾਕਤ ਤੋਂ ਅਣਜਾਣ ਹੈ। ਇਸ ਲਈ ਹਾਕਮ ਜਮਾਤਾਂ ਦੇ ਵਿਚਾਰਕ-ਸੱਭਿਆਚਾਰਕ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਲੋਕਾਂ ਨੂੰ ਇੱਕ ਵਿਚਾਰਾਂ ਤੋਂ ਸੱਖਣੀ ਭੀੜ ਸਮਝਣ ਲੱਗ ਪੈਂਦਾ ਹੈ। ਉਹ ਸਤੱਹੀ ਯਥਾਰਥ ਨੂੰ ਵਿੰਨ੍ਹ ਕੇ ਇਤਿਹਾਸ ਦੇ ਇਸ ਬਣਤਰੀ ਯਥਾਰਥ ਨੂੰ ਸਮਝ ਨਹੀਂ ਪਾਉਂਦਾ ਕਿ ਜੋ ਲੋਕ ਆਪਣੀ ਕਿਰਤ ਸਦਕਾ ਸੰਸਾਰ ਦੀ ਸਾਰੀ ਭੌਤਿਕ ਸੰਪਦਾ ਦੀ ਸਿਰਜਣਾ ਕਰਦੇ ਹਨ, ਉਹ ਤੱਤ ਰੂਪ ਵਿੱਚ ਸਾਰੀ ਆਤਮਿਕ-ਸਮਾਜਿਕ ਸੰਪਦਾ ਦੀ ਉਸਾਰੀ ਪਿੱਛੇ ਕੰਮ ਕਰਨ ਵਾਲ਼ੀ ਮੂਲ ਤਾਕਤ ਹਨ ਅਤੇ ਭਵਿੱਖ ਦੀ ਉਸਾਰੀ ਵੀ ਉਹਨਾਂ ਅੰਦਰ ਸਮੋਈ ਹੋਈ ਸਿਰਜਣਾਤਕ ਤਾਕਤ ਨੂੰ ਬੱਝੀਆਂ ਜੰਜ਼ੀਰਾਂ ਤੋੜ ਕੇ ਹੀ ਕੀਤੀ ਜਾ ਸਕਦੀ ਹੈ। ਗਿਆਨ ਤੱਤ ਰੂਪ ਵਿੱਚ ਇੱਕ ਸਮਾਜਿਕ ਸੰਪਤੀ ਹੈ, ਜਿਸ ਉੱਤੇ ਪੂੰਜੀਵਾਦੀ ਕਿਰਤ-ਵੰਡ ਨੇ ਜੋਰ-ਜਬਰਦਸਤੀ ਨਿਜੀ ਮਲਕਿਅਤ ਦੀ ਸੱਤਾ ਕਾਇਮ ਕਰ ਰੱਖੀ ਹੈ। ਇਤਿਹਾਸ ਵਿੱਚ ਉਤਪਾਦਨ ਦੀ ਬੁਨਿਆਦੀ ਕਿਰਿਆ ਅਤੇ ਉਸ ਦੀ ਬੁਨਿਆਦ ਉੱਤੇ ਕਾਇਮ ਸਮਾਜਿਕ ਸਬੰਧਾਂ ਦੇ ਸਾਰ-ਸੰਕਲ਼ਨ ਅਤੇ ਅਮੂਰਤੀਕਰਨ ਨਾਲ਼ ਹੀ ਸਾਰੇ ਗਿਆਨ-ਵਿਗਿਆਨ ਅਤੇ ਕਲਾ ਦਾ ਜ਼ਨਮ ਹੋਇਆ ਅਤੇ ਉਹਨਾਂ ਦੇ ਵਿਕਾਸ ਵਿੱਚ ਹੀ ਇਹਨਾਂ ਦਾ ਵਿਕਾਸ ਹੋਇਆ। ਅੱਗੇ ਚੱਲਕੇ ਜਮਾਤੀ-ਵੰਡ ਅਤੇ ਕਿਰਤ-ਵੰਡ ਨੇ ਭੌਤਿਕ ਉਤਪਾਦਨ ਤੋਂ ਆਤਮਿਕ ਉਤਪਾਦਨ ਦੀ ਕਿਰਿਆ ਨੂੰ, ਬੌਧਿਕ ਕਿਰਤ ਤੋਂ ਸਰੀਰਕ ਕਿਰਤ ਨੂੰ ਅਲੱਗ ਕਰ ਦਿੱਤਾ, ਬੁੱਧੀਜੀਵੀ ਜਮਾਤ ਨੂੰ ਇੱਕ ਵਿਸ਼ੇਸ਼ਾਧਿਕਾਰ ਹਾਸਿਲ ਜਮਾਤ ਵਿੱਚ ਬਦਲ ਦਿੱਤਾ ਅਤੇ ਲੁੱਟੇ ਜਾ ਰਹੇ ਲੋਕਾਂ ਦੁਆਰਾ ਕੀਤੀ ਜਾ ਰਹੀ ਸਰੀਰਕ ਕਿਰਤ ਨੂੰ ਨਫ਼ਰਤਯੋਗ ਬਣਾ ਦਿੱਤਾ। ਇਹ ਵੰਡ ਲੁੱਟੇ ਜਾ ਰਹੇ ਲੋਕਾਂ ਦੀ ਇੱਕਜੁਟਤਾ ਵਿੱਚ ਰੁਕਾਵਟ ਬਣਦੀ ਹੈ ਅਤੇ ਹਾਕਮ ਜਮਾਤ ਲਈ ਬਹੁਤ ਹੀ ਫ਼ਾਇਦੇਮੰਦ ਸਿੱਧ ਹੁੰਦੀ ਹੈ। ਇਨਕਲਾਬੀ ਬੁੱਧਜੀਵੀ ਸਿਰਫ਼ ਉਸੇ ਨੂੰ ਕਿਹਾ ਜਾ ਸਕਦਾ ਹੈ, ਜੋ ਸਚੇਤਨ ਤੌਰ ‘ਤੇ, ਆਪਣੇ ਚਿੰਤਨ ਅਤੇ ਵਿਵਹਾਰ ਵਿੱਚ ਬੌਧਿਕ ਕਿਰਤ ਅਤੇ ਸਰੀਰਕ ਕਿਰਤ ਵਿਚਲੇ ਫ਼ਰਕ ਨੂੰ ਖ਼ਤਮ ਕਰੇ, ਭੌਤਿਕ ਉਤਪਾਦਨ ਵਿੱਚ ਲੱਗੇ ਲੋਕਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ਼ ਦੇਖਣਾ ਬੰਦ ਕਰੇ ਅਤੇ ਕਿਰਤੀ ਲੋਕਾਂ ਨਾਲ਼ ਪੂਰੀ ਤਰ੍ਹਾਂ ਘੁਲ-ਮਿਲ ਜਾਵੇ।

    ਇਹ ਉਮੀਦ ਅਸੀਂ ਖਾਸ ਤੌਰ ‘ਤੇ ਪੜ੍ਹੇ-ਲਿਖੇ ਮੱਧਵਰਗ ਦੇ ਸਭ ਤੋਂ ਉੱਨਤ ਅਤੇ ਵਿਦਰੋਹੀ ਚੇਤਨਾ ਵਾਲ਼ੇ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਹੀ ਕਰ ਸਕਦੇ ਹਾਂ। ਨੌਜਵਾਨ ਤਬਾਹੀ ਅਤੇ ਸਿਰਜਣਾ ਦੀ ਅਪਾਰ ਯੌਗਤਾ ਨਾਲ਼ ਲੈੱਸ ਤੇ ਲਗਾਤਾਰ ਵਿਕਾਸਮਾਨ ਊਰਜਾ-ਸ੍ਰੋਤ ਹੁੰਦੇ ਹਨ। ਚੀਨੀ ਇਨਕਲਾਬ ਦੇ ਮਹਾਨ ਆਗੂ ਮਾਓ-ਜੇ-ਤੁੰਗ ਨੇ ਕਿਹਾ ਸੀ- ”ਨੌਜਵਾਨ ਲੋਕ ਸਮਾਜ ਦੇ ਸਭ ਤੋਂ ਵੱਧ ਸਰਗਰਮ ਅਤੇ ਸਭ ਤੋਂ ਜਿਆਦਾ ਹਿੰਮਤ ਕਰਨ ਵਾਲ਼ੀ ਤਾਕਤ ਹੁੰਦੇ ਹਨ। ਉਹਨਾਂ ਵਿੱਚ ਸਿੱਖਣ ਦੀ ਸਭ ਤੋਂ ਤੇਜ਼ ਇੱਛਾ ਹੁੰਦੀ ਹੈ ਅਤੇ ਉਹਨਾਂ ਦੇ ਵਿਚਾਰਾਂ ਵਿੱਚ ਰੂੜੀਵਾਦ ਦਾ ਪ੍ਰਭਾਵ ਸਭ ਤੋਂ ਘੱਟ ਹੁੰਦਾ ਹੈ।” ਨੌਜਵਾਨੀ ਹੀ ਕਾਢ, ਖੋਜ ਅਤੇ ਰੂੜੀਤੋੜ ਉਮਰ ਹੁੰਦੀ ਹੈ। ਇਤਿਹਾਸ ਵਿੱਚ ਹਮੇਸ਼ਾਂ ਤੋਂ ਹੀ ਇਨਕਲਾਬਾਂ ਨੂੰ ਸ਼ੁਰੂ ਕਰਨ ਅਤੇ ਅੱਗੇ ਵਧਾਉਣ ਵਾਲ਼ਿਆਂ ਵਿੱਚ ਹਿਰਾਵਲ ਭੂਮਿਕਾ ਨੌਜਵਾਨਾਂ ਦੀ ਰਹੀ ਹੈ ਅਤੇ ਇਤਿਹਾਸ ਦੇ ਰੱਥ ਦਾ ਚੱਕਾ ਜਦ ਵੀ ਕਿਸੇ ਖੜੋਤ ਦੀ ਦਲਦਲ ਵਿੱਚ ਧੱਸਦਾ ਰਿਹਾ ਹੈ ਨੌਜਵਾਨ ਹੀ ਆਪਣਾ ਮੋਢਾ ਲਗਾ ਕੇ ਉਸਨੂੰ ਬਾਹਰ ਕੱਢਦੇ ਰਹੇ ਹਨ। ਇਸ ਲਈ, ਅੱਜ ਅਸੀਂ ਮੱਧਵਰਗ ਦੇ ਨਿਠੱਲੇ, ਦੁਨੀਆਂਦਾਰ ਹੋ ਚੁੱਕੇ ਘਰਬਾਰੂਆਂ ਤੋਂ ਨਹੀਂ, ਸਗੋਂ ਰੈਡੀਕਲ, ਵਿਦਰੋਹੀ ਅਤੇ ਉੱਨਤ ਚੇਤਨਾ ਵਾਲੇ ਨੌਜਵਾਨਾਂ ਤੋਂ ਹੀ ਇਹ ਉਮੀਦ ਕਰ ਸਕਦੇ ਹਾਂ ਕਿ ਉਹ ਆਪਣੀਆਂ ਜਮਾਤੀ ਹੱਦਾਂ ਤੋੜ ਦੇਣ, ਬੰਨ ਕੇ ਰੱਖਣ ਵਾਲ਼ੇ ਸੰਸਕਾਰਾਂ ਤੋਂ ਇੱਕ ਝਟਕੇ ਨਾਲ਼ ਹੀ ਤੋੜ-ਵਿਛੋੜਾ ਕਰ ਲੈਣ ਅਤੇ ਵਿਆਪਕ ਕਿਰਤੀ ਲੋਕਾਂ ਵਿੱਚ ਜਾਣ, ਵੱਧ ਤੋਂ ਵੱਧ ਸੰਭਵ ਹੱਦ ਤੱਕ ਉਤਪਾਦਕ ਕਾਰਵਾਈ ਵਿੱਚ ਵੀ ਹਿੱਸਾ ਲੈਣ, ਉਹਨਾਂ ਦੀ ਜਿੰਦਗੀ ਤੋਂ ਵਿਵਹਾਰਕ ਸਿੱਖਿਆ ਲੈਣ, ਉਹਨਾਂ ਵਿੱਚ ਇਨਕਲਾਬੀ ਪ੍ਰਚਾਰ ਅਤੇ ਸਿੱਖਿਆ ਦਾ ਕੰਮ ਕਰਨ ਅਤੇ ਉਸ ਨੂੰ ਜਗਾਉਣ, ਲਾਮਬੰਦ ਅਤੇ ਜੱਥੇਬੰਦ ਕਰਨ।

    ਇਸ ਪੂੰਜੀਵਾਦੀ ਸਿੱਖਿਆ ਪ੍ਰਣਾਲੀ ਤੋਂ ਸਾਨੂੰ ਸਮਾਜਿਕ ਯਥਾਰਥ ਨੂੰ ਹਾਕਮ ਜਮਾਤਾਂ ਦੇ ਨਜ਼ਰੀਏ ਤੋਂ ਦੇਖਣ ਦੀ ਸਿੱਖਿਆ ਮਿਲਦੀ ਹੈ। ਪੂੰਜੀਵਾਦੀ ਸਿੱਖਿਆ ਅਤੇ ਸੱਭਿਆਚਾਰ ਵਿੱਚ ਸਮਾਜਿਕ ਅਤੇ ਸੱਭਿਆਚਾਰ ਵਿੱਚ ਸਮਾਜਿਕ ਯਥਾਰਥ ਦਾ ਵਿਗੜਿਆ ਰੂਪ ਹੀ ਦਿਖਾਈ ਦਿੰਦਾ ਹੈ। ਲੋਕਾਂ ਦੀ ਜਿੰਦਗੀ ਨਾਲ਼, ਉਤਪਾਦਨ ਦੀ ਪ੍ਰਕਿਰਿਆ ਨਾਲ਼ ਅਤੇ ਲੋਕਾਂ ਦੀ ਮੁਕਤੀ ਦੇ ਉਦੇਸ਼ ਅਤੇ ਰਾਹ ਤੋਂ ਸਿੱਖਿਅਤ ਹੋਣਾ ਹੀ ਅਸਲ ਸਿੱਖਿਆ ਹੈ। ਸਾਨੂੰ ਇਸੇ ਅਸਲੀ ਸਿੱਖਿਆ ਦਾ ਬਦਲਵਾਂ ਰਾਹ ਅਪਣਾਉਣਾ ਹੋਵੇਗਾ ਅਤੇ ਬਦਲਵੀਂ ਪ੍ਰਣਾਲ਼ੀ ਬਣਾਉਣੀ ਹੋਵੇਗੀ। ਪੂੰਜੀਵਾਦੀ ਸਿੱਖਿਆ ਪ੍ਰਣਾਲੀ ਸਾਨੂੰ ਕੁਦਰਤ, ਇਤਿਹਾਸ ਅਤੇ ਸਮਾਜ ਨੂੰ ਸਮਝਣ ਦੀ ਯੋਗਤਾ ਤਾਂ ਦੇ ਦਿੰਦੀ ਹੈ ਜੋ ਮਨੁੱਖੀ ਸੱਭਿਅਤਾ ਦੀ ਵਿਰਾਸਤ ਹੈ। ਪਰ ਸਿੱਖਿਅਤ ਨੌਜਵਾਨ ਇਸ ਯੋਗਤਾ ਦਾ ਇਸਤੇਮਾਲ ਹਾਕਮ ਜਮਾਤਾਂ ਅਤੇ ਵਿਵਸਥਾ ਹਿੱਤ ਵਿੱਚ ਹੀ ਕਰਦੇ ਹਨ। ਜਦੋਂ ਉਹ ਲੋਕਾਂ ਨਾਲ਼ ਇਕਮਿਕ ਹੋ ਜਾਂਦੇ ਹਨ ਤਾਂ ਉਹਨਾਂ ਦੇ ਹਿੱਤ ਦੇ ਨਜ਼ਰੀਏ ਨਾਲ਼ ਇਤਿਹਾਸ ਅਤੇ ਸਮਾਜ ਦਾ ਅਧਿਐਨ ਕਰਦੇ ਹਨ ਅਤੇ ਫਿਰ ਇਸ ਇਨਕਲਾਬੀ ਗਿਆਨ ਨੂੰ ਉਹਨਾਂ ਹੀ ਲੋਕਾਂ ਤੱਕ ਲੈ ਜਾਂਦੇ ਹਨ। ਜੋ ਪ੍ਰਬੁੱਧ, ਸਿੱਖਿਅਤ ਮੱਧਵਰਗੀ ਨੌਜਵਾਨ ਆਪਣੀਆਂ ਸਮੱਸਿਆਵਾਂ-ਪਰੇਸ਼ਾਨੀਆਂ ਦਾ ਸਧਾਰਨੀਕਰਨ ਕਰਦੇ ਹੋਏ ਨਿਆਂ, ਬਰਾਬਰੀ ਅਤੇ ਇਤਿਹਾਸਕ ਵਿਕਾਸ ਪੱਖੀ ਹੋ ਜਾਂਦੇ ਹਨ, ਉਹਨਾਂ ਦੇ ਵਿਚਾਰਾਂ ਦਾ ਇੱਕੋ-ਇੱਕ ਮੁੱਲ ਇਹ ਪੈ ਸਕਦਾ ਹੈ ਕਿ ਉਹ ਕਿਰਤੀ ਅਬਾਦੀ ਨਾਲ਼ ਏਕਤਾ ਬਣਾ ਕੇ ਉਸਨੂੰ ਸਮਾਜਿਕ ਇਨਕਲਾਬ ਲਈ ਜਥੇਬੰਦ ਕਰਨ, ਕਿਉਂਕਿ ਇਸਤੋਂ ਬਿਨਾਂ ਕੋਈ ਸਮਾਜਿਕ ਇਨਕਲਾਬ ਨਹੀਂ ਹੋ ਸਕਦਾ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਬੁੱਧ ਵਿਦਿਆਰਥੀ-ਨੌਜਵਾਨਾਂ ਦਾ ਵਿਆਪਕ ਕਿਰਤੀ ਲੋਕਾਂ ਤੋਂ ਵੱਖਰਾਪਨ ਇਸ ਪੂੰਜੀਵਾਦੀ ਵਿਵਸਥਾ ਦੀ ਇੱਕ ਮਜ਼ਬੂਤ ਕੰਧ ਹੈ। ਇਸ ਕੰਧ ਨੂੰ ਡੇਗ ਕੇ ਹੀ ਕੋਈ ਪ੍ਰਬੁੱਧ, ਨਿਆਂਸ਼ੀਲ, ਰੈਡੀਕਲ ਨੌਜਵਾਨ ਸਹੀ ਮਾਅਨੇ ਵਿੱਚ ਇਨਕਲਾਬੀ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਮਾਓ-ਜੇ-ਤੁੰਗ ਨੇ ਇੱਕ ਜਗ੍ਹਾ ‘ਤੇ ਲਿਖਿਆ ਹੈ- ” ਕੋਈ ਨੌਜਵਾਨ, ਇਨਕਲਾਬੀ ਹੈ ਜਾਂ ਨਹੀਂ, ਇਹ ਜਾਨਣ ਦੀ ਕਸੌਟੀ ਕੀ ਹੈ? ਉਸਨੂੰ ਕਿਵੇਂ ਪਹਿਚਾਣਿਆ ਜਾਵੇ? ਇਸਦੀ ਕਸੌਟੀ ਸਿਰਫ਼ ਇੱਕ ਹੈ, ਭਾਵ ਇਹ ਦੇਖਣਾ ਚਾਹੀਦਾ ਹੈ ਕਿ ਉਹ ਵਿਆਪਕ ਮਜ਼ਦੂਰ-ਕਿਸਾਨ ਲੋਕਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੈ ਜਾਂ ਨਹੀਂ, ਅਤੇ ਇਸ ਗੱਲ ਉੱਤੇ ਅਮਲ ਕਰਦਾ ਹੈ ਕਿ ਨਹੀਂ? ਇਨਕਲਾਬੀ ਉਹ ਹੈ ਜੋ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੋਵੇ ਅਤੇ ਆਪਣੇ ਅਮਲ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਂਦਾ ਹੋਵੇ, ਨਹੀਂ ਤਾਂ ਉਹ ਇਨਕਲਾਬੀ ਨਹੀਂ ਹੈ, ਜਾਂ ਉਲਟ-ਇਨਕਲਾਬੀ ਹੈ। ”

    ਭਗਤ ਸਿੰਘ ਵੀ ਇਨਕਲਾਬਾਂ ਦੇ ਇਤਿਹਾਸ ਦੇ ਡੂੰਘੇ ਅਧਿਐਨ ਅਤੇ ਆਪਣੇ ਅਨੁਭਵਾਂ ਦੇ ਨਿਚੋੜ ਤੋਂ ਇਸੇ ਨਤੀਜੇ ‘ਤੇ ਪਹੁੰਚੇ ਸਨ ਕਿ ਕਿਰਤੀ ਲੋਕਾਂ ਨੂੰ ਜੱਥੇਬੰਦ ਕਰਕੇ ਹੀ ਇਨਕਲਾਬ ਨੂੰ ਸਫ਼ਲ ਕੀਤਾ ਜਾ ਸਕਦਾ ਹੈ ਅਤੇ ਸੱਚੇ ਅਰਥਾਂ ਵਿੱਚ ਅਜ਼ਾਦੀ ਹਾਸਿਲ ਕਰਕੇ ਸਮਾਜਵਾਦ ਵੱਲ਼ ਕਦਮ ਵਧਾਇਆ ਜਾ ਸਕਦਾ ਹੈ। ਭਗਤ ਸਿੰਘ ਅਤੇ ਬੁੱਟਕੇਸ਼ਵਰ ਦੱਤ ਨੇ ਪੰਜਾਬ ਵਿਦਿਆਰਥੀ ਯੂਨੀਅਨ, ਲਾਹੌਰ ਦੇ ਅਕਤੂਬਰ 1929 ਵਿੱਚ ਹੋਏ ਦੂਸਰੇ ਸੰਮੇਲ਼ਨ ਦੇ ਨਾਂ ਜੇਲ੍ਹ ਦੀ ਕੋਠਰੀ ਤੋਂ ਜੋ ਸੁਨੇਹਾ ਭੇਜਿਆ ਸੀ ਉਸ ਵਿੱਚ ਸਪੱਸ਼ਟ ਕਿਹਾ ਸੀ- ”ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹਰ ਕੋਨੇ ਵਿੱਚ ਪਹੁੰਚਾਉਣਾ ਹੈ, ਫ਼ੈਕਟਰੀਆਂ-ਕਾਰਖ਼ਾਨਿਆਂ ਤੱਕ, ਗੰਦੀਆਂ ਬਸਤੀਆਂ ਅਤੇ ਪਿੰਡਾਂ ਦੀਆਂ ਝੋਪੜੀਆਂ ਵਿੱਚ ਰਹਿਣ ਵਾਲ਼ੇ ਕਰੋੜਾਂ ਲੋਕਾਂ ਵਿੱਚ ਇਨਕਲਾਬ ਦੀ ਅਲਖ ਜਗਾਉਣੀ ਹੈ ਜਿਸ ਨਾਲ਼ ਆਜ਼ਾਦੀ ਆਵੇਗੀ ਅਤੇ ਉਦੋਂ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ।”

    ਜੇਲ੍ਹ ਕਾਲਕੋਠੜੀ ਵਿੱਚ ਡੂੰਘਾ ਅਧਿਐਨ-ਚਿੰਤਨ ਕਰਦੇ ਹੋਏ ਭਗਤ ਸਿੰਘ ਇਸ ਨਤੀਜੇ ‘ਤੇ ਪਹੁੰਚ ਚੁੱਕੇ ਸਨ ਕਿ ਲੋਕਾਂ ਦੀ ਅਸਲ ਮੁਕਤੀ ਉਦੋਂ ਹੀ ਸੰਭਵ ਹੈ ਜਦ ਕੌਮੀ ਮੁਕਤੀ ਦਾ ਸੰਘਰਸ਼ ਅੱਗੇ ਵੱਧ ਕੇ ਸਮਾਜਵਾਦ ਦਾ ਸੰਘਰਸ਼ ਬਣ ਜਾਵੇ। ਉਹਨਾਂ ਦੀ ਇਹ ਸਪੱਸ਼ਟ ਸਮਝ ਬਣ ਚੁੱਕੀ ਸੀ ਕਿ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਫ਼ੈਸਲਾਕੁਨ ਖ਼ਾਤਮਾ ਸਿਰਫ਼ ਤੇ ਸਿਰਫ਼ ਮਜ਼ਦੂਰ ਇਨਕਲਾਬ ਰਾਹੀਂ ਹੀ ਹੋ ਸਕਦਾ ਹੈ ਜਿਸਦੀ ਮੁੱਖ ਤਾਕਤ ਮਜ਼ਦੂਰ ਅਤੇ ਕਿਸਾਨ ਹੋਣਗੇ ਅਤੇ ਜਿਸਦੀ ਅਗਵਾਈ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੇ ਹੱਥਾਂ ਵਿੱਚ ਹੋਵੇਗੀ। ਆਪਣੇ ਇਹਨਾਂ ਵਿਚਾਰਾਂ ਨੂੰ ਉਹਨਾਂ ਜਿਸ ਆਖਰੀ ਮਹੱਤਵਪੂਰਨ ਦਸਤਾਵੇਜ਼ ਵਿੱਚ ਸੂਤਰਬੱਧ ਕੀਤਾ ਉਸ ਵਿੱਚ ਇੱਕ ਅਜਿਹੀ ਪਾਰਟੀ ਦੀ ਉਸਾਰੀ ਉੱਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਇਸ ਵਿੱਚ ਸ਼ੁਰੂਆਤੀ ਦੌਰ ਵਿੱਚ ਵਿਦਿਆਰਥੀਆਂ-ਨੌਜਵਾਨਾਂ ਵਿੱਚੋਂ ਭਰਤੀ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਸੀ। ਉਹਨਾਂ ਨੇ ਲਿਖਿਆ ਸੀ- ”ਪਾਰਟੀ ਨੂੰ ਕਾਰਕੁੰਨਾ ਦੀ ਲੋੜ ਹੋਵੇਗੀ, ਜਿਨ੍ਹਾਂ ਨੂੰ ਨੌਜਵਾਨਾਂ ਦੀਆਂ ਲਹਿਰਾਂ ਵਿਚੋਂ ਭਰਤੀ ਕੀਤਾ ਜਾ ਸਕਦਾ ਹੈ। ਇਸ ਲਈ ਨੌਜਵਾਨਾਂ ਦੀਆਂ ਲਹਿਰਾਂ ਪਹਿਲੀਆਂ ਮੰਜਿਲਾਂ ਹਨ, ਜਿਥੋਂ ਸਾਡੀ ਲਹਿਰ ਸ਼ੁਰੂ ਹੋਵੇਗੀ। ਨੌਜਵਾਨ ਲਹਿਰ ਨੂੰ ਅਧਿਐਨ ਕੇਂਦਰ (ਸਟੱਡੀ ਸਰਕਲ) ਸ਼ੁਰੂ ਕਰਨੇ ਚਾਹੀਦੇ ਹਨ। ਲੀਫ਼ਲੈਟ, ਪੈਂਫ਼ਲੈਟ, ਕਿਤਾਬਾਂ, ਮੈਂਗਜੀਨ ਛਾਪਣੇ ਚਾਹੀਦੇ ਹਨ। ਕਲਾਸਾਂ ਵਿੱਚ ਲੈੱਕਚਰ ਹੋਣੇ ਚਾਹੀਦੇ ਹਨ। ਰਾਜਨੀਤਕ ਕਾਰਕੁੰਨਾ ਦੀ ਭਰਤੀ ਕਰਨ ਅਤੇ ਟ੍ਰੇਨਿੰਗ ਦੀ ਇਹ ਸਭ ਤੋਂ ਚੰਗੀ ਜਗ੍ਹਾ ਹੋਵੇਗੀ।”


    ਭਗਤ ਸਿੰਘ ਦੀ ਇਹ ਟਿੱਪਣੀ ਸਾਰੇ ਸੰਸਾਰ ਦੇ ਅਲੱਗ-ਅਲੱਗ ਦੇਸ਼ਾਂ ਦੇ ਇਤਿਹਾਸ ਦੇ ਤਜ਼ਰਬਿਆਂ ਨੇ ਵਾਰ-ਵਾਰ ਸੱਚੀ ਸਾਬਿਤ ਕੀਤੀ ਹੈ। ਚੀਨੀ ਨਵ-ਜਮਹੂਰੀ ਇਨਕਲਾਬ ਦੀ ਪ੍ਰਕਿਰਿਆ ਦਾ ਸ਼ੁਰੂਆਤੀ ਨੁਕਤਾ ਮਈ 1919 ਦੀ ਵਿਦਿਆਰਥੀ ਲਹਿਰ ਦਾ ਉਹ ਪ੍ਰਚੰਡ ਜਵਾਰ ਸੀ, ਜਿਸ ਵਿੱਚੋਂ ਕਈ ਪ੍ਰਤਿਭਾਸ਼ਾਲੀ ਇਨਕਲਾਬੀ ਨੌਜਵਾਨ ਜੱਥੇਬੰਦਕ ਨਿਕਲੇ ਜਿਹਨਾਂ ਨੇ ਮਜ਼ਦੂਰ-ਕਿਸਾਨਾਂ ਨੂੰ ਜੱਥੇਬੰਦ ਕਰਨ ਵਿੱਚ ਮੂਹਰਲੀ ਭੂਮਿਕਾ ਨਿਭਾਈ, ਜੋ ਆਪਣੇ ਵਿਅਕਤੀਤਵ ਦੀ ਰੂਪਬਦਲੀ ਕਰਕੇ ਕਿਰਤੀ ਅਬਾਦੀ ਨਾਲ਼ ਜੁੜ ਗਏ ਅਤੇ ਅੱਗੇ ਚੱਲਕੇ ਇਨਕਲਾਬ ਦੇ ਆਗੂਆਂ ਵਿੱਚ ਥਾਂ ਬਣਾਈ। ਅਫ਼ਰੀਕੀ ਦੇਸ਼ਾਂ ਵਿੱਚ ਕੌਮੀ ਮੁਕਤੀ ਲਹਿਰਾਂ ਦੀ ਸ਼ੁਰੂਆਤ ਵਿੱਚ ਲੋਕਾਂ ਦੇ ਵਿਦਰੋਹਾਂ ਦੀ ਅਗਵਾਈ ਕਰਨ ਲਈ ਮੱਧਵਰਗ ਦੀ ਇੱਕ ਬੇਹੱਦ ਛੋਟੀ ਜਿਹੀ ਅਬਾਦੀ ਦੇ ਪੜ੍ਹੇ-ਲਿਖੇ ਨੌਜਵਾਨ ਅੱਗੇ ਆਏ ਸਨ। ਵਿਦਿਆਰਥੀਆਂ ਦੀ ਇਹ ਪਹਿਲੀ ਪੀੜ੍ਹੀ ਵਿੱਚੋਂ ਹੀ ਕਵਾਮੇ ਏਂਕਰੂਮਾ, ਅਮਿਲਕਰ ਕਬਰਾਲ, ਨੇਲਸਨ ਮੰਡੇਲਾ, ਸੈਨ ਨੁਜੋਮਾ, ਕੇਨੇਥ ਕਾਉਂਡਾ, ਜੂਲੀਅਸ ਨਿਏਰੇਰੇ, ਬੇਨ ਬੇਲਾ, ਬੁਮੇਦਿਅਨ ਆਦਿ ਕੌਮੀ ਨਾਇਕ ਉੱਭਰ ਕੇ ਸਾਹਮਣੇ ਆਏ। ਕਿਉਬਾ ਦਾ ਇਨਕਲਾਬ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਦੇ ਸਾਰੇ ਮੁਕਤੀ-ਸੰਘਰਸ਼ਾਂ ਦਾ ਇਤਿਹਾਸ ਵੀ ਇਹੋ ਹੀ ਰਿਹਾ ਹੈ ਅਤੇ ਭਾਰਤ ਦੀ ਕੌਮੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਵੀ ਸਾਨੂੰ ਇਹੋ ਚੀਜ਼ ਵੇਖਣ ਨੂੰ ਮਿਲਦੀ ਹੈ।

    ਅੱਜ ਅਸੀਂ ਇਤਿਹਾਸ ਦੇ ਇੱਕ ਅਜਿਹੇ ਸਮੇਂ ਵਿੱਚ ਜਿਉਂ ਰਹੇ ਹਾਂ ਜਦ ਇਨਕਲਾਬ ਉੱਤੇ ਉਲਟ-ਇਨਕਲਾਬ ਦੀ ਲਹਿਰ ਹਾਵੀ ਹੈ। 20 ਵੀਂ ਸਦੀ ਦੇ ਮਜ਼ਦੂਰ ਇਨਕਲਾਬਾਂ ਦੀ ਹਾਰ ਵਜ੍ਹੋਂ, ਸਾਰੇ ਸੰਸਾਰ ਉੱਤੇ ਇੱਕ ਵਾਰ ਤਾਂ ਜਿਵੇਂ ਪੂੰਜੀਵਾਦੀ ਲੁੱਟ-ਖ਼ਸੁੱਟ ਦਾ ਇੱਕਤਰਫ਼ਾ ਸਾਮਰਾਜ ਸਥਾਪਿਤ ਹੋ ਗਿਆ ਹੈ। ਭਾਰਤ ਜਿਹੇ ਸਾਰੇ ਪਿਛੜੇ ਦੇਸ਼ਾਂ ਦੇ ਪੂੰਜੀਪਤੀ ਹਾਕਮਾਂ ਨੇ ਆਪਣੇ ਦੇਸ਼ਾਂ ਨੂੰ ਸਾਮਰਾਜੀ ਲੁੱਟ ਦੀ ਖੁੱਲ੍ਹੀ ਚਰਾਗਾਹ ਬਣਾ ਦਿੱਤਾ ਹੈ ਅਤੇ ਖ਼ੁਦ ਵੀ ਚੋਰਾਂ-ਡਕੈਤਾਂ ਦੀ ਤਰ੍ਹਾਂ ਲੋਕਾਂ ਨੂੰ ਲੁੱਟ ਰਹੇ ਹਨ। ਪੂੰਜੀਪਤੀਆਂ ਦੇ ਕਰਾਏ ਦੇ ਕਲਮਘਸੀਟ ਇਸਨੂੰ ਪੂੰਜੀਵਾਦ ਦੀ ਆਖਰੀ ਅਤੇ ਫ਼ੈਸਲਾਕੁਨ ਜਿੱਤ ਦੱਸ ਰਹੇ ਹਨ, ਪਰ ਨਾ ਤਾਂ ਇਤਿਹਾਸ ਦਾ ਤਰਕ ਅਤੇ ਨਾ ਹੀ ਦੇਸ਼-ਦੁਨੀਆਂ ਦੀਆਂ ਹਾਲਤਾਂ ਉਹਨਾਂ ਦੇ ਪੱਖ ਵਿੱਚ ਗਵਾਹੀ ਦੇ ਰਹੀਆਂ ਹਨ। ਇੱਕ ਪਾਸੇ ਸੰਸਾਰ-ਪੂੰਜੀਵਾਦ ਦੇ ਹੱਲ ਨਾ ਹੋ ਸਕਣ ਵਾਲ਼ੇ ਢਾਂਚਾਗਤ ਸੰਕਟ ਤਾਂ ਦੂਜੇ ਪਾਸੇ ਹੱਦੋਂ ਵੱਧ ਲੁੱਟ, ਮਹਿੰਗਾਈ, ਬੇਰੁਜ਼ਗਾਰੀ ਅਤੇ ਅਮੀਰ-ਗਰੀਬ ਵਿਚਲੇ ਵੱਧਦੇ ਜਾ ਰਹੇ ਪਾੜੇ ਦੇ ਸਤਾਏ ਲੋਕਾਂ ਦੀਆਂ ਖਾੜਕੂ ਲਹਿਰਾਂ, ਜੋ ਲਾਤੀਨੀ ਅਮਰੀਕੀ ਦੇਸ਼ਾਂ, ਚੀਨ, ਰੂਸ ਅਤੇ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਵਿੱਚ ਲਗਾਤਾਰ ਉੱਠ ਰਹੇ ਹਨ, ਇਸ ਸੱਚਾਈ ਦੀ ਪੁਸ਼ਟੀ ਕਰ ਰਹੇ ਹਨ ਕਿ ਪੂੰਜੀਵਾਦ ਇਤਿਹਾਸ ਦਾ ਆਖਰੀ ਯੁੱਗ ਨਹੀਂ ਹੈ ਅਤੇ ਲੋਕ ਪੂੰਜੀਵਾਦੀ ਬਰਬਰਤਾ ਨੂੰ ਅਨੰਤ ਕਾਲ ਤੱਕ ਹੰਢਾਉਂਣ ਲਈ ਭੋਰਾ ਵੀ ਤਿਆਰ ਨਹੀਂ ਹਨ। ਨਾ ਸਿਰਫ਼ ਇਰਾਕ, ਸਗੋਂ ਸਾਰਾ ਅਰਬ ਖੇਤਰ ਜਵਾਲਾਮੁਖੀ ਦੇ ਦਹਾਨੇ ਉੱਤੇ ਬੈਠਾ ਹੈ। ਉੱਨਤ ਪੂੰਜੀਵਾਦੀ ਦੇਸ਼ਾਂ ਵਿੱਚ ਵੀ ਇੱਕ ਵਾਰ ਫਿਰ ਬਦਹਾਲ ਮਜ਼ਦੂਰਾਂ ਅਤੇ ਬੇਰੁਜਗਾਰਾਂ ਦੇ ਸੰਘਰਸ਼ ਜ਼ੋਰ ਫ਼ੜ ਰਹੇ ਹਨ। ਸਾਮਰਾਜਵਾਦੀਆਂ ਵਿਚਕਾਰ ਲੁੱਟ ਦੀ ਦੌੜ ਫਿਰ ਤੋਂ ਤੇਜ਼ ਹੁੰਦੀ ਜਾ ਰਹੀ ਹੈ।

    ਇਹ ਸਾਰੀਆਂ ਹਾਲਤਾਂ ਦੱਸ ਰਹੀਆਂ ਹਨ ਕਿ ਅੱਜ ਦੇ ਪੂੰਜੀਵਾਦੀ ਸੰਸਾਰ ਦੀਆਂ ਸਾਰੀਆਂ ਬੁਨਿਆਦੀ ਅੰਦਰੂਨੀ ਵਿਰੋਧਤਾਈਆਂ ਇੱਕ ਵਾਰ ਮੂੰਹ ਅੱਡ ਰਹੀਆਂ ਹਨ ਅਤੇ ਇਹਨਾਂ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਕਦਮ ਅੱਗੇ ਵਧਾਉਣਾ ਹੀ ਇਤਿਹਾਸ ਦੀ ਅੰਦਰੂਨੀ ਗਤੀ ਹੈ। ਬੁਨਿਆਦੀ ਸਵਾਲ ਇਹ ਹੈ ਕਿ ਹੋਣ ਵਾਲ਼ੇ ਨਵੇਂ ਮਜ਼ਦੂਰ ਇਨਕਲਾਬਾਂ ਦੀਆਂ ਆਗੂ ਤਾਕਤਾਂ ਅੱਜ ਦੇ ਸੰਸਾਰ ਦੀਆਂ ਅੰਦਰੂਨੀ ਵਿਰੋਧਤਾਈਆਂ ਨੂੰ ਸਮਝ ਕੇ ਅਤੇ ਇਤਿਹਾਸ ਦਾ ਸਾਰ-ਸੰਕਲ਼ਨ ਕਰ ਕੇ, ਇੱਕ ਵਾਰ ਫੇਰ ਜੱਥੇਬੰਦ ਹੋਣ ਵਿੱਚ ਕਿੰਨਾਂ ਸਮਾਂ ਲਾਉਣਗੀਆਂ! ਅੱਜ ਦੇ ਸੰਸਾਰ ਦੀਆਂ ਹਾਲਤਾਂ ਨੂੰ ਸਮਝ ਕੇ ਹੀ ਮਜ਼ਦੂਰ ਇਨਕਲਾਬ ਦੇ ਨਵੇਂ ਸੰਸਕਰਨ ਰਚੇ ਜਾ ਸਕਦੇ ਹਨ। ਅਤੀਤ ਦੇ ਇਨਕਲਾਬਾਂ ਤੋਂ ਸਿੱਖਿਆ ਜਾ ਸਕਦਾ ਹੈ, ਪਰ ਉਹਨਾਂ ਦੀ ਅੰਨੀ ਨਕਲ ਨਹੀਂ ਕੀਤੀ ਜਾ ਸਕਦੀ। ਇਨਕਲਾਬਾਂ ਦੇ ਸੰਭਾਵਿਤ ਤੁਫ਼ਾਨਾਂ ਦੇ ਕੇਂਦਰ ਅੱਜ ਸੰਸਾਰ ਦੇ ਉਹੀ ਦੇਸ਼ ਹਨ ਜੋ ਪਹਿਲਾਂ ਬਸਤੀ-ਅਰਧਬਸਤੀ-ਨਵਬਸਤੀ ਸਨ। ਇਹੋ ਦੇਸ਼ ਅੱਜ ਵੀ ਸਾਮਰਾਜਵਾਦੀ ਲੁੱਟ ਦਾ ਸਭ ਤੋਂ ਵੱਧ ਭਾਰ ਝੱਲ ਰਹੇ ਹਨ। ਪਰ ਇਹਨਾਂ ਦੇਸ਼ਾਂ ਵਿੱਚ ਸਵਾਲ ਅੱਜ ਕੌਮੀ ਮੁਕਤੀ ਦਾ ਜਾਂ ਜਗੀਰਦਾਰੀ-ਵਿਰੋਧ ਦਾ ਨਹੀਂ ਹੈ। ਇਹਨਾਂ ਦੇਸ਼ਾਂ ਵਿੱਚ ਕ੍ਰਮਵਾਰ ਗਤੀ ਨਾਲ਼ ਹੋਣ ਵਾਲ਼ਾ ਪੂੰਜੀਵਾਦੀ ਵਿਕਾਸ ਉਦਾਰੀਕਰਨ-ਨਿਜੀਕਰਨ ਦੀਆਂ ਨੀਤੀਆਂ ਦੇ ਦੌਰ ਵਿੱਚ ਤੇਜ਼ੀ ਨਾਲ਼ ਆਪਣੇ ਅੰਜ਼ਾਮ ਤੱਕ ਜਾ ਪਹੁੰਚਿਆ ਹੈ, ਅਤੇ ਇਹ ਪਿਛੜੇ ਹੋਏ ਪੂੰਜੀਵਾਦੀ ਦੇਸ਼ ਹੁਣ ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਸਮਾਜਵਾਦੀ ਇਨਕਲਾਬ ਦੀ ਮੰਜ਼ਿਲ ਵਿੱਚ ਸਪੱਸ਼ਟ ਅਤੇ ਫ਼ੈਸਲਾਕੁਨ ਰੂਪ ਵਿੱਚ ਕਦਮ ਰੱਖ ਚੁੱਕੇ ਹਨ। ਜੋ ਇਨਕਲਾਬੀ ਇਹਨਾਂ ਹਾਲਤਾਂ ਨੂੰ ਸਹੀ ਢੰਗ ਨਾਲ਼ ਸਮਝ ਸਕਣਗੇ, ਉਹੀ ਨਵੇਂ ਸਿਰੇ ਤੋਂ ਖ਼ੁਦ ਨੂੰ ਨਵੇਂ ਮਜ਼ਦੂਰ ਇਨਕਲਾਬਾਂ ਦੀ ਆਗੂ ਤਾਕਤ ਦੇ ਰੂਪ ਵਿੱਚ ਜੱਥੇਬੰਦ ਕਰ ਸਕਣਗੇ।

    ਇਸ ਇਤਿਹਾਸਕ ਸੰਦਰਭ ਵਿੱਚ, ਇਹ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੈ ਅਤੇ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ, ਅਜਿਹੇ ਦੌਰਾਂ ਵਿੱਚ ਇਨਕਲਾਬੀ ਵਿਦਿਆਰਥੀ-ਨੌਜਵਾਨਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅਜਿਹੇ ਪ੍ਰਬੁੱਧ, ਰੈਡੀਕਲ ਵਿਦਿਆਰਥੀ-ਨੌਜਵਾਨਾਂ ਨੂੰ, ਜੋ ਇਤਿਹਾਸ ਦੀ ਗਤਿਕੀ ਅਤੇ ਇਨਕਲਾਬ ਦੇ ਵਿਗਿਆਨ ਨੂੰ ਸਮਝ ਕੇ ਕਿਰਤੀ ਲੋਕਾਂ ਨਾਲ਼ ਇਕਮਿਕ ਹੋ ਜਾਣ ਲਈ ਤਿਆਰ ਹਨ, ਠੰਡੀ ਨਿਰਪੱਖਤਾ, ਨਿਰਦਈ ਕਾਇਰਤਾ ਅਤੇ ਮੁਰਦਾ ਸ਼ਾਤੀ ਵਿਰੁੱਧ ਵਿਦਰੋਹ ਦਾ ਅੰਬਰ ਚੀਰਦਾ ਬਿਗੁਲ ਵਜਾਉਣਾ ਹੋਵੇਗਾ। ਉਹਨਾਂ ਨੂੰ ਅੱਜ ਦੇ ਸੰਸਾਰ ਅਤੇ ਆਪਣੇ ਦੇਸ਼ ਦੀਆਂ ਹਾਲਤਾਂ ਦਾ, ਇਨਕਲਾਬ ਦੇ ਵਿਗਿਆਨ ਦਾ ਅਤੇ ਇਨਕਲਾਬਾਂ ਦੇ ਇਤਿਹਾਸ ਦਾ ਡੂੰਘਾ ਅਧਿਐਨ ਕਰਨਾ ਹੋਵੇਗਾ। ਉਹਨਾਂ ਨੂੰ ਵਿਆਪਕ ਵਿਦਿਆਰਥੀ-ਨੌਜਵਾਨ ਅਬਾਦੀ ਨੂੰ ਬੇਰੁਜ਼ਗਾਰੀ ਦੇ ਸਵਾਲ, ਬਰਾਬਰ ਸਿੱਖਿਆ ਅਤੇ ਸਭ ਨੂੰ ਰੁਜ਼ਗਾਰ ਦੇ ਸਵਾਲਾਂ ਉੱਤੇ ਅਤੇ ਜਮਹੂਰੀ ਅਧਿਕਾਰਾਂ ਦੇ ਸਵਾਲਾਂ ਉੱਤੇ ਲਾਮਬੰਦ ਕਰਨਾ ਹੋਵੇਗਾ। ਉਹਨਾਂ ਨੂੰ ਨਿਮਨ-ਮੱਧਵਰਗ ਦੇ ਨੌਜਵਾਨਾਂ ਨੂੰ ਪੂੰਜੀਵਾਦੀ ਰਾਜਨੀਤੀ ਦੇ ਚੱਕਰ-ਚਪੇਟ ਤੋਂ ਬਚਾਉਣ ਅਤੇ ਜਾਤ ਅਧਾਰਤ ਰਾਜਨੀਤੀ ਜਾਂ ਧਾਰਮਿਕ ਕੱਟੜਪੰਥੀ ਫ਼ਾਸੀਵਾਦੀ ਗਿਰੋਹਾਂ ਦੇ ਪਿਛਲੱਗੂ ਅਤੇ ਲੱਠਮਾਰ ਬਣਨ ਤੋਂ ਬਚਾਉਣ ਲਈ ਲਗਾਤਾਰ ਮਿਹਨਤ ਨਾਲ਼ ਅਤੇ ਸੰਘਣਾ ਪ੍ਰਚਾਰ-ਕੰਮ ਕਰਨਾ ਪੈਣਾ ਹੈ ਅਤੇ ਰਾਜਨੀਤਕ ਸਿੱਖਿਆ ਦਾ ਠੋਸ ਪ੍ਰੋਗਰਾਮ ਹੱਥ ਵਿੱਚ ਲੈਣਾ ਹੋਵੇਗਾ। ਨਵਉਦਾਰਵਾਦੀ ਆਰਥਿਕ ਨੀਤੀਆਂ ‘ਤੇ ਅਮਲ ਦੇ ਸਤਾਰਾਂ ਵਰ੍ਹਿਆਂ ਦੌਰਾਨ ਸਾਡੇ ਦੇਸ਼ ਦੇ ਸਿੱਖਿਆ ਢਾਂਚੇ ਵਿੱਚ ਕਾਫ਼ੀ ਬਦਲਾਅ ਆਏ ਹਨ ਅਤੇ ਇਸਦਾ ਪੂਰੀ ਤਰ੍ਹਾਂ ਵਪਾਰੀਕਰਨ ਹੋ ਗਿਆ ਹੈ। ਸਿੱਖਿਆ ਪੂੰਜੀ-ਨਿਵੇਸ਼ ਦਾ ਖੇਤਰ ਬਣ ਗਈ ਹੈ ਅਤੇ ਦੇਸ਼ੀ-ਵਿਦੇਸ਼ੀ ਪੂੰਜੀਪਤੀ ਘਰਾਣੇ ਪੂੰਜੀ ਲਾ ਕੇ ਆਪਣੇ ਹਿੱਤ ਪੂਰਨ ਲਈ ਵਿਵਸਥਾ ਦੇ ਚਾਕਰ ਪੈਦਾ ਕਰਨ ਦੇ ਨਾਲ਼-ਨਾਲ਼ ਮੁਨਾਫ਼ਾ ਵੀ ਖੱਟ ਰਹੇ ਹਨ। ਪ੍ਰਬੰਧਕੀ, ਵਣਿਜ, ਤਕਨੀਕੀ ਵਿਗਿਆਨ, ਅਤੇ ਤਰ੍ਹਾਂ-ਤਰ੍ਹਾਂ ਦੀ ਪ੍ਰੋਫੈਸ਼ਨਲ ਪੜ੍ਹਾਈ ਉੱਤੇ ਜ਼ੋਰ ਵਧਿਆ ਹੈ ਅਤੇ ਮਾਨਵਿਕੀ ਤੇ ਕਲਾ-ਸਾਹਿਤ ਦੇ ਵਿਸ਼ੇ ਤਾਂ ਬਸ ਬੇਰੁਜ਼ਗਾਰਾਂ ਦਾ ਸਮਾਂ ਪਾਸ ਕਰਨ ਦਾ ਜ਼ਰੀਆ ਹੀ ਰਹਿ ਗਏ ਹਨ। ਜਿਸ ਸਿੱਖਿਆ ਤੋਂ ਨੌਕਰੀ ਮਿਲ ਸਕਦੀ ਹੈ, ਉੱਥੇ ਤੱਕ ਉੱਚ-ਮੱਧ ਵਰਗ ਦੀ ਪਹੁੰਚ ਹੀ ਸੰਭਵ ਰਹਿ ਗਈ ਹੈ। ਇਸ ਹਾਲਤ ਨੇ ਉੱਚ ਸਿੱਖਿਆ ਦੀ ਜਮਾਤੀ ਬਣਤਰ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਮੈਡੀਕਲ-ਇੰਜੀਨਿਅਰਿੰਗ-ਵਣਿਜ-ਪ੍ਰਬੰਧਕੀ ਆਦਿ ਦੀਆਂ ਸੰਸਥਾਵਾਂ ਵਿੱਚ ਤਾਂ ਉੱਚ ਮੱਧਵਰਗ ਦੇ ਨੌਜਵਾਨਾਂ ਦੀ ਹੀ ਬਹੁਤਾਤ ਹੈ ਜੋ ਪੂੰਜੀਵਾਦ ਦੇ ਪ੍ਰਚੰਡ ਸਮਰਥਕ ਅਤੇ ਪੈਰੋਕਾਰ ਹਨ। ਮਹਾਂਨਗਰਾਂ ਦੇ ਕਾਲਜਾਂ-ਯੁਨਿਵਰਸਿਟੀਆਂ ਵਿੱਚ ਵਧਦੀਆਂ ਫ਼ੀਸਾਂ, ਘੱਟਦੀਆਂ ਸੀਟਾਂ ਅਤੇ ਆਰਥਿਕ ਬਦਹਾਲੀ ਨੇ ਨਿਮਨ ਮੱਧਵਰਗ ਦੇ ਸਧਾਰਨ ਵਿਦਿਆਰਥੀਆਂ ਦੀ ਅਬਾਦੀ ਨੂੰ ਕਾਫ਼ੀ ਘੱਟ ਕਰ ਦਿੱਤਾ ਹੈ। ਛੋਟੇ ਸ਼ਹਿਰਾਂ-ਕਸਬਿਆਂ ਦੇ ਕਾਲਜਾਂ-ਯੁਨਿਵਰਸਿਟੀਆਂ ਵਿੱਚ ਜ਼ਰੂਰ ਹਾਲ਼ੇ ਨਿਮਨ ਮੱਧਵਰਗ ਦੇ ਵਿਦਿਆਰਥੀਆਂ ਦੀ ਅਬਾਦੀ ਬਹੁਤ ਹੈ, ਜਿਨ੍ਹਾਂ ਦੀ ਰਾਜਨੀਤਕ ਚੇਤਨਾ ਦਾ ਧਰਾਤਲ ਤਾਂ ਥੱਲੇ ਹੈ ਪਰ ਉੱਥੇ ਵਿਦਰੋਹ ਦੀ ਭਾਵਨਾ ਡੂੰਘੀ ਹੈ। ਪਰ ਕੁੱਲ ਮਿਲਾ ਕੇ, ਨਿਮਨ ਮੱਧਵਰਗ ਉੱਤੇ ਵੱਧਦੇ ਜਾਂਦੇ ਆਰਥਿਕ ਦਬਾਅ ਅਤੇ ਬੇਰੁਜ਼ਗਾਰੀ ਕਾਰਨ ਇਸ ਤਬਕੇ ਦੇ ਨੌਜਵਾਨਾਂ ਦੀ ਭਾਰੀ ਗਿਣਤੀ ਪਿਛਲੇ ਦੋ ਦਹਾਕਿਆਂ ਦੌਰਾਨ ਉੱਚ ਸਿੱਖਿਆ ਦੇ ਕੈਂਪਸਾਂ ਤੋਂ ਬਾਹਰ ਹੋ ਗਈ ਹੈ ਅਤੇ ਜਾਂ ਛੋਟੀ-ਮੋਟੀ ਅਸਥਾਈ ਅਤੇ ਪਾਰਟਟਾਈਮ ਨੌਕਰੀ ਕਰਦੀ ਹੋਈ, ਜਾਂ ਫਿਰ ਦਿਹਾੜੀ ਮਜ਼ਦੂਰੀ ਕਰਦੀ ਹੋਈ, ਜਾਂ ਫਿਰ ਨੌਕਰੀਆਂ ਦੇ ਫ਼ਾਰਮ ਭਰਦੀ ਹੋਈ ਬੇਰੁਜ਼ਗਾਰੀ ਦੀ ਜਿੰਦਗੀ ਕੱਟ ਰਹੀ ਹੈ। ਨਿਮਨ ਮੱਧਵਰਗ ਦੇ ਬਹੁਗਿਣਤੀ ਨੌਜਵਾਨਾਂ ਦੀ ਇਹੋ ਸਥਿਤੀ ਹੈ ਅਤੇ ਇਹਨਾਂ ਅੰਦਰ ਬਗਾਵਤ ਦਾ ਲਾਵਾ ਉੱਬਲ ਰਿਹਾ ਹੈ। ਕੈਂਪਸਾਂ ਦੀ ਅਬਾਦੀ ਦੀ ਬਦਲਦੀ ਬਣਤਰ ਨੇ ਕੈਂਪਸ ਕੇਂਦਰਤ ਵਿਦਿਆਰਥੀ-ਨੌਜਵਾਨ ਅੰਦੋਲ਼ਨਾਂ ਦੀ ਸੰਭਾਵਨਾਂ ਅਤੇ ਤਾਕਤ ਨੂੰ ਖੋਰਾ ਲਾਇਆ ਹੈ ਅਤੇ ਅੱਜ ਦੀ ਹਾਲਤ ਵਿੱਚ ਸਿੱਖਿਆ ਅਤੇ ਰੁਜ਼ਗਾਰ ਦੇ ਬਰਾਬਰ ਅਧਿਕਾਰ ਦੇ ਸਵਾਲ ਉੱਤੇ ਵਿਆਪਕ ਵਿਦਿਆਰਥੀ-ਨੌਜਵਾਨ ਲਹਿਰ ਦੀ ਤਿਆਰੀ ਦੀ ਪ੍ਰਕਿਰਿਆ ਚਾਹੇ ਲੰਬੀ ਅਤੇ ਔਖੀ ਹੋਵੇ, ਪਰ ਹਾਲਤਾਂ ਇਸੇ ਲਈ ਹੀ ਵੱਧ ਤਿਆਰ ਹਨ।

    ਨਾਲ਼ ਹੀ, ਜ਼ਰੂਰਤ ਇਸ ਗੱਲ ਦੀ ਹੈ ਕਿ ਵਿਦਿਆਰਥੀ-ਨੌਜਵਾਨ ਤਬਕਾ ਰੁਜ਼ਗਾਰ ਅਤੇ ਸਿੱਖਿਆ ਦੇ ਅਧਿਕਾਰ ਦੇ ਆਪਣੇ ਸੰਘਰਸ਼ ਨੂੰ ਵਿਵਸਥਾ-ਤਬਦੀਲੀ ਦੇ ਵਿਆਪਕ ਸੰਘਰਸ਼ ਦਾ ਅੰਗ ਬਣਾਏ ਅਤੇ ਇਸ ਨੂੰ ਕਿਰਤੀ ਅਬਾਦੀ ਦੇ ਸੰਘਰਸ਼ਾਂ ਨਾਲ਼ ਜੋੜੇ। ਜ਼ਰੂਰੀ ਹੈ ਕਿ ਇਨਕਲਾਬੀ ਵਿਦਿਆਰਥੀ-ਨੌਜਵਾਨ ਆਪਣੇ ਨਜ਼ਦੀਕ ਪੈਂਦੇ ਖੇਤਰਾਂ ਦੇ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਨਾ ਸਿਰਫ਼ ਭਰਪੂਰ ਸਹਿਯੋਗ ਕਰਨ ਸਗੋਂ ਉਹਨਾਂ ਦਾ ਇੱਕ ਹਿੱਸਾ ਵੀ ਬਣਨ। ਇਸ ਲਈ ਅਗਲੀ ਮੰਜ਼ਿਲ ਵਿੱਚ ਰੁਜ਼ਗਾਰ, ਮਹਿੰਗਾਈ ਅਤੇ ਰਾਜਨੀਤਕ ਅਧਿਕਾਰਾਂ ਦੇ ਅਲੱਗ-ਅਲੱਗ ਮੁੱਦਿਆਂ ਉੱਤੇ ਕਿਰਤੀ ਲੋਕਾਂ ਨਾਲ਼ ਸਾਂਝੇ ਮੋਰਚੇ ਅਤੇ ਸਾਂਝੇ ਸੰਘਰਸ਼ ਦੀਆਂ ਹਾਲਤਾਂ ਤਿਆਰ ਹੋ ਸਕਦੀਆਂ ਹਨ। ਪਰ ਗੱਲ ਸਿਰਫ਼ ਇੱਥੇ ਆ ਕੇ ਖ਼ਤਮ ਨਹੀਂ ਹੋ ਜਾਂਦੀ ਕਿ ਵਿਦਿਆਰਥੀ-ਨੌਜਵਾਨ ਲਹਿਰ ਨੂੰ ਵਿਆਪਕ ਲੋਕਾਂ ਦੇ ਸੰਘਰਸ਼ਾਂ ਨਾਲ਼ ਜੋੜਨ ਲਈ ਉਸਦੀ ਇਨਕਲਾਬੀ ਲੀਡਰਸ਼ਿਪ ਲਗਾਤਾਰ ਕੋਸ਼ਿਸ਼ ਕਰੇ। ਇਹ ਤਾਂ ਹਰ ਹਾਲਤ ਵਿੱਚ ਕਰਨਾ ਹੀ ਪੈਂਦਾ ਹੈ। ਅੱਜ ਦੀਆਂ ਹਾਲਤਾਂ ਵਿੱਚ ਜੋ ਵਿਸ਼ੇਸ਼ ਇਤਿਹਾਸਕ ਜ਼ਰੂਰਤ ਹੈ, ਉਹ ਹੈ ਕਿ ਇਨਕਲਾਬੀ ਬੁੱਧੀਜੀਵੀ ਦੇ ਰੂਪ ਵਿੱਚ- ਨਿਮਨ ਮੱਧਵਰਗ ਦੇ ਵਿਦਿਆਰਥੀ-ਨੌਜਵਾਨਾਂ ਦੇ ਜੋ ਸਭ ਤੋਂ ਵੱਧ ਉੱਨਤ ਚੇਤਨਾ ਵਾਲ਼ੇ, ਸਭ ਤੋਂ ਪ੍ਰਬੁੱਧ, ਸਭ ਤੋਂ ਰੈਡੀਕਲ ਤੱਤ ਹਨ, ਉਹ ਨਾ ਸਿਰਫ਼ ਮਜ਼ਦੂਰ ਇਨਕਲਾਬ ਦੇ ਵਿਗਿਆਨ ਨੂੰ ਆਤਮਸਾਤ ਕਰਨ ਸਗੋਂ ਵਿਆਪਕ ਕਿਰਤੀ ਅਬਾਦੀ ਵਿੱਚ ਜਾਣ, ਉਹਨਾਂ ਨਾਲ਼ ਘੁਲ਼-ਮਿਲ਼ਕੇ ਆਪਣਾ ਮਜ਼ਦੂਰ-ਜਮਾਤੀਕਰਨ ਕਰਨ, ਉਤਪਾਦਕ ਸਰਗਰਮੀ ਨਾਲ਼ ਜੁੜਨ ਅਤੇ ਫਿਰ ਕਿਰਤੀਆਂ ਨੂੰ ਜਗਾਉਣ ਅਤੇ ਜੱਥੇਬੰਦ ਕਰਨ ਦੇ ਕੰਮ ਵਿੱਚ ਲੱਗ ਜਾਣ। ਇਹ ਉਮੀਦ ਅਸੀਂ ਇੱਕ ਆਮ ਅੰਦੋਲ਼ਨਕਾਰੀ ਵਿਦਿਆਰਥੀ ਤੋਂ ਨਹੀਂ ਕਰ ਸਕਦੇ। ਪਰ ਉੱਨਤ ਚੇਤੰਨਸ਼ੀਲ ਇਨਕਲਾਬੀ ਵਿਦਿਆਰਥੀ-ਨੌਜਵਾਨਾਂ ਤੋਂ ਇਹ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਅਤੇ ਜ਼ਰੂਰ ਹੀ ਕੀਤੀ ਜਾਣੀ ਚਾਹੀਦੀ ਹੈ, ਕਿਉਂ ਕਿ ਇਹ ਨਵੇਂ ਸਿਰੇ ਤੋਂ ਇਨਕਲਾਬੀ ਸ਼ੁਰੂਆਤ ਕਰਨ ਦਾ ਸਮਾਂ ਹੈ ਅਤੇ ਜਿਵੇਂ ਕਿ ਉੱਪਰ ਵਿਸਤਾਰ ਵਿੱਚ ਚਰਚਾ ਕੀਤੀ ਗਈ ਹੈ, ਅਜਿਹੇ ਦੌਰ ਵਿੱਚ ਨਿਮਨ-ਮੱਧਵਰਗ ਤੋਂ ਆ ਕੇ ਮਜ਼ਦੂਰ ਜਮਾਤ ਦੀ ਜਿੰਦਗੀ ਅਤੇ ਇਤਿਹਾਸਕ ਮਿਸ਼ਨ ਨੂੰ ਅਪਣਾਉਣ ਵਾਲ਼ੇ ਉੱਨਤ ਤੱਤਾਂ ਦੀ ਇੱਕ ਛੋਟੀ ਜਿਹੀ ਗਿਣਤੀ ਦੀ ਭੂਮਿਕਾ ਇਤਿਹਾਸਕ ਹੁੰਦੀ ਹੈ।

    ਸਾਡਾ ਇਹ ਠੋਸ ਸੁਝਾਅ ਹੈ ਕਿ ਕੈਂਪਸਾਂ ਤੋਂ, ਛੁੱਟੀਆਂ ਵਿੱਚ ਅਜਿਹੇ ਵਿਦਿਆਰਥੀਆਂ ਦੀਆਂ ਟੋਲੀਆਂ ਬਣਾ ਕੇ ਮਜ਼ਦੂਰ ਬਸਤੀਆਂ ਵਿੱਚ ਜਾਣਾ ਚਾਹੀਦਾ ਹੈ। ਉੱਥੇ ਠਹਿਰ ਕੇ ਉਤਪਾਦਨ ਕੰਮਾਂ ਵਿੱਚ ਵੀ ਕੁਝ ਭਾਗ ਲੈਣਾ ਚਾਹੀਦਾ ਹੈ। ਦਿਹਾੜੀਕਰਨ-ਠੇਕਾਕਰਨ ਦੇ ਇਸ ਸਮੇਂ ਵਿੱਚ ਕੁਝ ਨਾ ਕੁਝ ਮਜ਼ਦੂਰੀ ਦਾ ਕੰਮ ਮਿਲ ਹੀ ਜਾਂਦਾ ਹੈ। ਇਸੇ ਨਾਲ਼ ਹੀ ਮਜ਼ਦੂਰਾਂ ਨੂੰ, ਮਜ਼ਦੂਰ ਔਰਤਾਂ ਨੂੰ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਣ ਦਾ ਅਤੇ ਇਸੇ ਦੌਰਾਨ ਦੇਸ਼-ਦੁਨੀਆਂ-ਸਮਾਜ ਦਾ ਗਿਆਨ ਦੇਣ ਦਾ ਕੰਮ ਕਰਨਾ ਚਾਹੀਦਾ ਹੈ, ਸਿਹਤ-ਸਫ਼ਾਈ ਆਦਿ ਦੀਆਂ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ, ਨੌਜਵਾਨ ਮਜ਼ਦੂਰਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਖੇਡਾਂ ਅਤੇ ਸੱਭਿਆਚਾਰਕ ਕਾਰਵਾਈਆਂ ਦੌਰਾਨ ਸਿੱਖਿਅਤ ਅਤੇ ਜੱਥੇਬੰਦ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇਨਕਲਾਬੀਆਂ ਅਤੇ ਇਨਕਲਾਬਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਵੀ, ਵਿੱਚ ਵਿੱਚ ਜਾ ਕੇ ਇਸ ਪ੍ਰਕਿਰਿਆ ਨੂੰ ਚਲਾਉਂਦੇ ਰਹਿਣਾ ਚਾਹੀਦਾ ਹੈ। ਅਜਿਹੇ ਉੱਨਤ ਇਨਕਲਾਬੀ ਚੇਤਨਾ ਵਾਲ਼ੇ ਵਿਦਿਆਰਥੀ ਹੋਸਟਲ ਅਤੇ ਕਿਰਾਏ ਦੀਆਂ ਥਾਂਵਾਂ ਨੂੰ ਛੱਡ ਕੇ ਜੇ ਮਜ਼ਦੂਰ ਬਸਤੀਆਂ ਵਿੱਚ ਰਹਿ ਸਕਣ ਤਾਂ ਹੋਰ ਵੀ ਵਧੀਆ ਹੈ। ਇਸੇ ਪ੍ਰਕਿਰਿਆ ਵਿੱਚ ਉਹਨਾਂ ਨੂੰ ਮਜ਼ਦੂਰਾਂ ਦੀ ਜਿੰਦਗੀ ਦੀ ਡੂੰਘੀ ਜਾਣਕਾਰੀ ਮਿਲੇਗੀ ਅਤੇ ਇੱਕ ਦਿਨ ਉਹਨਾਂ ਦੀ ਭੂਮਿਕਾ ਮਜ਼ਦੂਰ ਜੱਥੇਬੰਦਕ ਦੀ ਬਣਨ ਲੱਗੇਗੀ।

    ਸਾਫ਼ ਹੈ ਕਿ ਇਹ ਇੱਕ ਲੰਬੀ ਪ੍ਰਕਿਰਿਆ ਹੋਵੇਗੀ, ਪਰ ਫਿਲਹਾਲ ਸ਼ੁਰੂਆਤ ਤਾਂ ਇਸੇ ਤੋਂ ਕੀਤੀ ਜਾ ਸਕਦੀ ਹੈ। ਕਿਰਤੀਆਂ ਨਾਲ਼ ਏਕਤਾ ਬਣਾਉਣ, ਸਮਾਜਿਕ ਅਲਹਿਦਗੀ ਦੀਆਂ ਕੰਧਾਂ ਨੂੰ ਡੇਗਣ ਅਤੇ ਖ਼ੁਦ ਆਪਣੇ ਅੰਦਰ ਬੈਠੀ ਮੱਧਵਰਗੀ ਅਲਹਿਦਗੀ ਤੋਂ ਪੈਦਾ ਹੋਏ ਇਕੱਲੇਪਨ ਦੇ ਸੰਤਾਪ ਅਤੇ ਆਤਮਜਲਾਵਤਨੀ ਦੀ ਘੁਟਣ ਅਤੇ ਡਿਪਰੈਸ਼ਨ ਤੋਂ ਮੁਕਤ ਹੋ ਕੇ ਆਪਣੀ ਸਿਰਜਣਾਤਮਕ ਊਰਜ਼ਾ ਦੀਆਂ ਜੰਜ਼ੀਰਾਂ ਤੋੜ ਦੇਣ ਅਤੇ ਆਪਣੇ ਆਪ ਨੂੰ ਬਹਾਦਰਾਨਾ ਸਮਾਜਿਕ ਪ੍ਰਯੋਗਾਂ ਲਈ ਤਿਆਰ ਕਰਨ ਲਈ, ਅਸੀਂ ਸਾਰੇ ਬਹਾਦਰ, ਇਨਸਾਫ਼ਪਸੰਦ, ਤਬਦੀਲੀਪਸੰਦ ਵਿਦਿਆਰਥੀ ਦੇ ਸਾਹਮਣੇ ਇਹ ਠੋਸ ਪ੍ਰਸਤਾਵ ਰੱਖ ਰਹੇ ਹਾਂ।

No comments:

Post a Comment